ਬੌਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ ਹਰ ਸਾਲ ਸਭ ਤੋਂ ਵੱਧ ਫ਼ਿਲਮਾਂ ‘ਚ ਕੰਮ ਕਰਦੇ ਹਨ। ਵੱਡੇ ਸਟਾਰ ਵੀ ਉਨ੍ਹਾਂ ਦੀ ਕਮਾਈ ਦੀ ਚਰਚਾ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਛੇ ਸਾਲਾਂ ‘ਚ ਅਕਸ਼ੇ ਕੁਮਾਰ ਨੇ ਕਿੰਨੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ?
ਅਕਸ਼ੇ ਕੁਮਾਰ ਨੇ ਪਿਛਲੇ 6 ਸਾਲਾਂ ‘ਚ ਕੁਲ 1,744 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਾਲ 2020 ਦੌਰਾਨ ਲੌਕਡਾਊਨ ਕਰ ਕੇ ਭਾਵੇਂ ਕੰਮ ਬੰਦ ਰਿਹਾ, ਪਰ ਇਸ ਦੇ ਬਾਵਜੂਦ ਅਕਸ਼ੇ ਕੁਮਾਰ ਨੇ 356 ਕਰੋੜ 57 ਲੱਖ ਰੁਪਏ ਦੀ ਕਮਾਈ ਕੀਤੀ।
ਸਾਲ 2019 ‘ਚ ਅਕਸ਼ੇ ਦੀਆਂ ਪੰਜ ਫ਼ਿਲਮਾਂ ਕੇਸਰੀ, ਬਲੈਕ (ਵਿਸ਼ੇਸ਼ ਭੂਮਿਕਾ), ਮਿਸ਼ਨ ਮੰਗਲ, ਹਾਊਸਫ਼ੁਲ 4 ਅਤੇ ਗੁੱਡ ਨਿਊਜ਼ ਰਿਲੀਜ਼ ਹੋਈਆਂ ਸਨ ਅਤੇ ਉਨ੍ਹਾਂ ਤੋਂ 459.22 ਕਰੋੜ ਰੁਪਏ ਦੀ ਕਮਾਈ ਹੋਈ ਸੀ।
ਸਾਲ 2018 ‘ਚ ਅਕਸ਼ੇ ਨੇ ਗੋਲਡ, 2.0, ਪੈਡਮੈਨ ਅਤੇ ਸਿੰਬਾ (ਵਿਸ਼ੇਸ਼ ਭੂਮਿਕਾ) ਨਾਲ 277 ਕਰੋੜ 6 ਲੱਖ ਰੁਪਏ ਦੀ ਕਮਾਈ ਕੀਤੀ ਸੀ। ਇੰਝ ਹੀ 2017 ‘ਚ ਜੌਲੀ LLB 2, ਨਾਮ ਸ਼ਬਾਨਾ (ਵਿਸ਼ੇਸ਼ ਭੂਮਿਕਾ) ਅਤੇ ਟੌਇਲੇਟ ਏਕ ਪ੍ਰੇਮ ਕਥਾ ਨਾਲ 231.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਅਮਰੀਕੀ ਬਿਜ਼ਨਸ ਮੈਗਜ਼ੀਨ ਫ਼ੋਰਬਜ਼ ਅਨੁਸਾਰ 2016 ‘ਚ ਅਕਸ਼ੇ ਨੇ 211.58 ਕਰੋੜ ਰੁਪਏ ਅਤੇ 2015 ‘ਚ 208.42 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਿਛਲੇ ਛੇ ਸਾਲਾਂ ‘ਚ ਅਕਸ਼ੇ ਕੁਮਾਰ ਨੇ ਕੁੱਲ 1, 744 ਕਰੋੜ ਰੁਪਏ ਦੀ ਕਮਾਈ ਕੀਤੀ।
ਪਿਛਲੇ ਵਰ੍ਹੇ 2020 ‘ਚ ਅਕਸ਼ੇ ਕੁਮਾਰ ਫ਼ਿਲਮ ਲਕਸ਼ਮੀ ‘ਚ ਵਿਖਾਈ ਦਿੱਤਾ ਸੀ, ਪਰ ਦਰਸ਼ਕਾਂ ਨੂੰ ਉਹ ਫ਼ਿਲਮ ਕੁੱਝ ਖ਼ਾਸ ਨਹੀਂ ਲੱਗੀ। ਇਸ ਨਵੇਂ ਵਰ੍ਹੇ 2021 ‘ਚ ਉਹ ਸੂਰਿਆਵੰਸ਼ੀ, ਅਤਰੰਗੀ ਰੇ, ਬੈੱਲ ਬੌਟਮ ਅਤੇ ਪੱਿਥਵੀ ਰਾਜ ‘ਚ ਵਿਖਾਈ ਦੇਣਗੇ। ਸੂਰਿਆਵੰਸ਼ੀ ਅਤੇ ਬੈੱਲ ਬੌਟਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਨ੍ਹਾਂ ਫ਼ਿਲਮਾਂ ਤੋਂ ਅਕਸ਼ੇ ਨੂੰ ਵੱਡੀਆਂ ਉਮੀਦਾਂ ਹਨ।