ਮਾਛੀਵਾੜਾ ਸਾਹਿਬ : ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਡੇਢ ਮਹੀਨੇ ਤੋਂ ਸਿੰਘੂ ਬਾਰਡਰ ’ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਠੰਡ ਤੇ ਮੀਂਹ ਨੇ ਵਧਾ ਦਿੱਤੀਆਂ ਹਨ। ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਕਿਸਾਨ ਲਗਾਤਾਰ ਧਰਨੇ ’ਤੇ ਡਟੇ ਹੋਏ ਹਨ। ਮੀਂਹ ਕਾਰਣ ਸਿੰਘੂ ਬਾਰਡਰ ਦੇ ਜੀ. ਟੀ. ਰੋਡ ਅਤੇ ਉਸ ਦੇ ਆਸ-ਪਾਸ ਸੜਕਾਂ ’ਤੇ ਬਹੁਤ ਚਿੱਕੜ ਫੈਲਿਆ ਹੋਇਆ ਹੈ, ਜੋ ਕਿਸਾਨਾਂ ਲਈ ਵੱਡੀ ਮੁਸ਼ਕਿਲ ਪੈਦਾ ਕਰ ਰਿਹਾ ਹੈ।
ਇਸ ਕਾਰਨ ‘ਪੰਜਾਬ ਯੂਥ ਫੋਰਸ’ ਨੇ ਇਨ੍ਹਾਂ ਸੜਕਾਂ ਦੀ ਸਫ਼ਾਈ ਅਤੇ ਚਿੱਕੜ ਹਟਾਉਣ ਦੀ ਮੁਹਿੰਮ ਚਲਾਉਂਦਿਆਂ ਉੱਥੇ ਮਸ਼ੀਨਾਂ ਚਲਾ ਦਿੱਤੀਆਂ ਹਨ ਅਤੇ ਆਪ ਹੱਥੀਂ ਸਫ਼ਾਈ ਕਰ ਰਹੇ ਹਨ। ‘ਪੰਜਾਬ ਯੂਥ ਫੋਰਸ’ ਦੇ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਧਰਨੇ ਦੌਰਾਨ ਕਿਸਾਨਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਆ ਰਹੇ ਹਨ ਅਤੇ ਹੁਣ ਜਦੋਂ ਉਨ੍ਹਾਂ ਨੇ ਸੜਕਾਂ ’ਤੇ ਚਿੱਕੜ ਦੇਖਿਆ ਤਾਂ ਪੰਜਾਬ ਤੋਂ ਮਸ਼ੀਨਾਂ ਲਿਆ ਕੇ ਸਫ਼ਾਈ ਸ਼ੁਰੂ ਕਰਵਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਿੰਘੂ ਬਾਰਡਰ ਅਤੇ ਧਰਨੇ ਵਾਲੇ ਖੇਤਰ ’ਚ ਜੋ ਵੀ ਸੜਕਾਂ ਹਨ, ਉੱਥੇ ਸਫ਼ਾਈ ਕਰਵਾ ਕੇ ਚਿੱਕੜ ਹਟਾਵੇਗੀ। ਨਾਲ ਹੀ ਉਨ੍ਹਾਂ ਦੇ ਮੈਂਬਰ ਉੱਥੇ ਫੈਲਿਆ ਕੂੜਾ-ਕਰਕਟ ਚੁੱਕਣਗੇ। ਪਰਮਜੀਤ ਢਿੱਲੋਂ ਨੇ ਦੱਸਿਆ ਕਿ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਅਤੇ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਇਹ ਸੇਵਾ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਪੰਜਾਬ ਯੂਥ ਫੋਰਸ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅੰਦੋਲਨ ਸਮੂਹ ਲੋਕਾਂ ਦੇ ਸਹਿਯੋਗ ਨਾਲ ਸਫ਼ਲਤਾ ਵੱਲ ਵੱਧ ਰਿਹਾ ਹੈ।
News Credit :jagbani(punjabkesari)