ਭਗਤਾ ਭਾਈ : ਸੂਬੇ ਭਰ ਵਿਚ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤਾਂ, ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਵੱਖ-ਵੱਖ ਨਗਰ ਪੰਚਾਇਤਾਂ ਨਾਲ ਸੰਬੰਧਤ ਉਮੀਦਵਾਰਾਂ ਦੀ ਪਹਿਲੀ ਸੂਚੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਚੋਣ ਕਮੇਟੀ ਮੈਂਬਰ ਜਤਿੰਦਰ ਸਿੰਘ ਭੱਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਭਾਈਰੂਪਾ ਅਤੇ ਸਰਕਲ ਇੰਚਾਰਜ ਨਿਰਮਲ ਸਿੰਘ ਕੋਚ ਨੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਅਤੇ ਜਨਰਲ ਸਕੱਤਰ ਰਕੇਸ ਪੁਰੀ ਨੂੰ ਸੌਂਪੀ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਭਰ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਸੰਬੰਧੀ ਤੈਅਸ਼ੁਦਾ ਪ੍ਰੋਗਰਾਮ ਜਾਰੀ ਕਰਨ ਉਪਰੰਤ ਪਹਿਲੇ ਹਫ਼ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ‘ਆਪ’ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਇਹ ਚੋਣਾਂ 2022 ਦਾ ਭਵਿੱਖ ਤੈਅ ਕਰਨਗੀਆਂ ਕਿਉਂਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ 71 ਵਾਰਡ ਇਨ੍ਹਾਂ ਚੋਣਾਂ ਅਧੀਨ ਆਉਂਦੇ ਹਨ। ਭੱਲਾ ਨੇ ਕਿਹਾ ਕਿ ਨਗਰ ਪੰਚਾਇਤ ਕੋਠਾ ਗੁਰੂ ਦੇ 11 ਵਾਰਡਾਂ ਲਈ ਸੰਭਾਵੀ ਉਮੀਦਵਾਰਾਂ ਦੀ ਸੂਚੀ ਜ਼ਿਲ੍ਹਾ ਟੀਮ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ ਭਾਈਰੂਪਾ, ਬਲਕਾਰ ਸਿੰਘ ਭੌਖੜਾ, ਸਮਾਜ ਸੇਵੀ ਹਰਨੇਕ ਸਿੰਘ ਸੰਧੂ, ਕੁਲਵਿੰਦਰ ਸਿੰਘ ਗੁੰਮਟੀ, ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
News Credit :jagbani(punjabkesari)