ਮਥੁਰਾ — ਕੋਰੋਨਾ ਵਾਇਰਸ ਦੇ ਟੀਕਾਕਰਨ ਨੂੰ ਲੈ ਕੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਦਰਮਿਆਨ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜ ਪ੍ਰਤਾਪ ਯਾਦਵ ਨੇ ਵੀ ਬਿਆਨ ਦਿੱਤਾ ਹੈ। ਤੇਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਖ਼ੁਦ ਕੋਰੋਨਾ ਦਾ ਟੀਕਾ ਲਗਵਾਉਣ, ਜਿਸ ਨਾਲ ਦੇਸ਼ ’ਚ ਚੰਗਾ ਸੰਦੇਸ਼ ਜਾਵੇਗਾ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਇਨ੍ਹੀਂ ਦਿਨੀਂ ਬ੍ਰਜ ਦੌਰੇ ’ਤੇ ਆਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਵਰਿੰਦਾਵਨ ਦੇ ਠਾਕੁਰ ਬਾਂਕੇਬਿਹਾਰੀ ਅਤੇ ਰੰਗਜੀ ਮੰਦਰ ’ਚ ਦਰਸ਼ਨ ਕੀਤੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਖ਼ੁਦ ਕੋਰੋਨਾ ਵਾਇਰਸ ਦੀ ਰੋਕਥਾਮ ਦਾ ਟੀਕਾ ਲਗਵਾਉਣ, ਜਿਸ ਨਾਲ ਟੀਕਾਕਰਨ ਨੂੰ ਲੈ ਕੇ ਉਠ ਰਹੇ ਸਵਾਲ ਖ਼ਤਮ ਹੋ ਜਾਣਗੇ।
ਤੇਜ ਪ੍ਰਤਾਪ ਨੇ ਅੱਗੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਖ਼ੁਦ ਕੋਰੋਨਾ ਵਾਇਰਸ ਦਾ ਟੀਕਾ ਲਗਵਾ ਲੈਂਦੇ ਹਨ ਤਾਂ ਉਹ ਅਤੇ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਵੀ ਟੀਕਾ ਲਗਵਾ ਲੈਣਗੇ। ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਤੇਜ ਪ੍ਰਤਾਪ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨਾ ਚਾਹੀਦਾ ਪਰ ਇਹ ਸਰਕਾਰ ਅਜਿਹਾ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਨੂੰ ਫਾਇਦਾ ਦੇਣ ਲਈ ਨਹੀਂ, ਉਨ੍ਹਾਂ ਨੂੰ ਆਮ ਮਜ਼ਦੂਰ ਬਣਾਉਣ ਲਈ ਲਿਆਂਦੇ ਗਏ ਹਨ। ਇਨ੍ਹਾਂ ਕਾਨੂੰਨਾਂ ਨਾਲ ਵੱਡੇ-ਵੱਡੇ ਉਦਯੋਗ-ਧੰਦੇ ਚਲਾ ਰਹੇ ਲੋਕ ਖੇਤੀ ’ਤੇ ਕਬਜ਼ਾ ਕਰ ਲੈਣਗੇ।
News Credit :jagbani(punjabkesari)