ਮੋਹਾਲੀ (ਪਰਦੀਪ) : ਕਹਿੰਦੇ ਹਨ ਸਿਆਸਤ ‘ਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਅਤੇ ਆਖ਼ਰੀ ਫ਼ੈਸਲਾ ਸਮਾਂ ਅਤੇ ਸਥਿਤੀ ਮੁਤਾਬਕ ਹੀ ਲਿਆ ਜਾਣਾ ਕਈ ਵਾਰੀ ਆਗੂ ਨੂੰ ਸਿਆਸੀ ਤੌਰ ’ਤੇ ਵਧੇਰੇ ਮਜ਼ਬੂਤੀ ਦਿੰਦਾ ਹੈ। ਅਜਿਹੇ ਹੀ ਹਾਲਾਤ ਅੱਜ-ਕੱਲ੍ਹ ਮੋਹਾਲੀ ਦੀ ਅਕਾਲੀ ਸਿਆਸਤ ‘ਚ ਬਣੇ ਹੋਏ ਹਨ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵੱਲੋਂ ਸਕ੍ਰੀਨਿੰਗ ਕਮੇਟੀ ਬਣਾਈ ਗਈ, ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਡੇਰਾਬੱਸੀ ਐੱਨ. ਕੇ. ਸ਼ਰਮਾ, ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਸ਼ਾਮਲ ਹਨ। ਇਨ੍ਹਾਂ ਉਕਤ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਮੋਹਾਲੀ ਦੇ 50 ਵਾਰਡਾਂ ‘ਚੋਂ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ।
ਇਸ ਤੋਂ ਬਾਅਦ ਮੋਹਾਲੀ ਦੀ ਅਕਾਲੀ ਸਿਆਸਤ ‘ਚ ਗਰਮਾਹਟ ਆ ਗਈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰਨ ਜਾ ਰਹੇ ਉਮੀਦਵਾਰ ਜਿੱਥੇ ਟਿਕਟ ਪ੍ਰਾਪਤੀ ਤੋਂ ਬਾਅਦ ਖੁਸ਼ ਨਜ਼ਰ ਆਏ, ਉੱਥੇ ਕੁੱਝ ਅਕਾਲੀ ਆਗੂਆਂ ਨੇ ਹਾਲ ਦੀ ਘੜੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਰਸਮੀ ਤੌਰ ’ਤੇ ਟਿਕਟ ਪ੍ਰਾਪਤੀ ਲਈ ਅਰਜ਼ੀ ਨਹੀਂ ਦਿੱਤੀ ਸੀ, ਜਦੋਂ ਕਿ ਇਕ ਸਾਬਕਾ ਕੌਂਸਲਰ ਅਤੇ ਪਾਰਟੀ ‘ਚ ਅਹਿਮ ਸਥਾਨ ਰੱਖਣ ਵਾਲੇ ਇਕ ਆਗੂ ਨੇ ਸਪੱਸ਼ਟ ਕਿਹਾ ਕਿ ਉਹ ਆਉਂਦੇ ਬੁੱਧਵਾਰ ਤੱਕ ਚੋਣ ਲੜਨ ਲਈ ਫ਼ੈਸਲਾ ਸਾਬਕਾ ਅਕਾਲੀ ਕੌਂਸਲਰਾਂ ਨਾਲ ਮੀਟਿੰਗ ਉਪਰੰਤ ਕਰ ਲੈਣਗੇ ਤਾਂ ਜੋ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ‘ਚ ਜੇਤੂ ਉਮੀਦਵਾਰ ਪਾਏ ਜਾ ਸਕਣ ਅਤੇ ਬਹੁਸੰਮਤੀ ਪ੍ਰਾਪਤ ਕਰ ਕੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਜੇਤੂ ਉਮੀਦਵਾਰ ਨੂੰ ਮੋਹਾਲੀ ਕਾਰਪੋਰੇਸ਼ਨ ਦਾ ਮੇਅਰ ਬਣਾਇਆ ਜਾ ਸਕਦਾ ਹੈ। ਇਸ ਸਭ ਲਈ ਉਹ ਪਿਛਲੇ ਛੇ ਮਹੀਨਿਆਂ ਤੋਂ ਸਿਆਸੀ ਕਸਰਤ ਪੂਰੇ ਸ਼ਹਿਰ ‘ਚ ਕਰ ਰਹੇ ਹਨ ਅਤੇ ਕਾਂਗਰਸ ਦੀਆਂ ਚਾਲਾਂ ਤੋਂ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੌਜੂਦਾ ਸਿਆਸੀ ਘਟਨਾਕ੍ਰਮ ਸਬੰਧੀ ਉਹ ਪਾਰਟੀ ਹਾਈਕਮਾਂਡ ਨੂੰ ਜਾਣੂੰ ਕਰਵਾ ਰਹੇ ਹਨ।
ਸਥਾਨਕ ਆਗੂਆਂ ‘ਚ ਆਪਸੀ ਤਾਲਮੇਲ ਦੀ ਘਾਟ
ਸਥਾਨਕ ਅਕਾਲੀ ਆਗੂਆਂ ‘ਚ ਆਪਸੀ ਤਾਲਮੇਲ ਦੀ ਘਾਟ ਦੇ ਕਾਰਣ ਅਕਾਲੀ ਚਿੰਤਕ ਨਿਰਾਸ਼ਾ ਦੇ ਆਲਮ ‘ਚ ਹਨ ਕਿ ਪਹਿਲਾਂ ਹੀ ਕਾਂਗਰਸੀ ਉਮੀਦਵਾਰਾਂ ਦਾ ਮੁਕਾਬਲਾ ਕਰਨ ਦੇ ਲਈ ਬੇਹੱਦ ਸਿਆਸੀ ਜ਼ੋਰ-ਅਜ਼ਮਾਇਸ਼ ਦੀ ਲੋੜ ਹੈ, ਪਰ ਸਥਾਨਕ ਆਗੂਆਂ ਦੇ ਇਸ ਕਾਟੋ-ਕਲੇਸ਼ ਨਾਲ ਪਾਰਟੀ ਕਿਸ ਤਰ੍ਹਾਂ ਲੋਕਾਂ ‘ਚ ਜਾਵੇਗੀ।
ਮੈਂ ਆਜ਼ਾਦ ਉਮੀਦਵਾਰ ਵੱਜੋਂ ਲੜਾਗਾਂ ਚੋਣ : ਅਰਜੁਨ ਸਿੰਘ ਸ਼ੇਰਗਿੱਲ
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਨੇਤਾ ਅਰਜੁਨ ਸਿੰਘ ਸ਼ੇਰਗਿੱਲ ਨੂੰ ਅਕਾਲੀ ਦਲ ਹਾਈਕਮਾਂਡ ਵੱਲੋਂ ਵਾਰਡ ਨੰਬਰ-8 ਤੋਂ ਸੀਨੀਅਰ ਕਾਂਗਰਸੀ ਨੇਤਾ ਅਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੇ ਮੁਕਾਬਲੇ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ‘ਜਗਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲੀ ਹਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ ਪਰ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਆਪਣੇ ਫ਼ੈਸਲੇ ਬਾਰੇ ਉਹ ਅਕਾਲੀ ਦਲ ਹਾਈਕਮਾਂਡ ਨੂੰ ਦੱਸ ਦੇਣਗੇ ਅਤੇ ਆਜ਼ਾਦ ਉਮੀਦਵਾਰ ਵਜੋਂ ਹੀ ਇਹ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਹੋਰਨਾਂ ਪਾਰਟੀਆਂ ਵੱਲੋਂ ਵੀ ਉਨ੍ਹਾਂ ਦਾ ਸਮਰਥਨ ਕੀਤਾ ਜਾਵੇਗਾ।
ਚੋਣ ਨਿਸ਼ਾਨ ’ਤੇ ਹੀ ਲੜੀ ਜਾਵੇਗੀ ਮੋਹਾਲੀ ਕਾਰਪੋਰੇਸ਼ਨ ਦੀ ਚੋਣ : ਪ੍ਰੋ. ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਪੂਰੇ ਪੰਜਾਬ ‘ਚ ਇਨ੍ਹਾਂ ਚੋਣਾਂ ਨੂੰ ਲੈ ਕੇ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਮੋਹਾਲੀ ਦੇ 50 ਵਾਰਡਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਚੋਣ ਨਿਸ਼ਾਨ ’ਤੇ ਹੀ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਅਗਲੇ ਕੁੱਝ ਦਿਨਾਂ ‘ਚ ਕਰ ਦਿੱਤਾ ਜਾਵੇਗਾ। ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਦਿਆਂ ਪਾਰਟੀ ਦੇ ਹਰ ਫ਼ੈਸਲੇ ਨੂੰ ਮੰਨਣ ਲਈ ਪਾਬੰਦ ਹੈ।
News Credit :jagbani(punjabkesari)