ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਸੋਮਵਾਰ ਨੂੰ 96 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ‘ਚ ਮਿਲਿਆ ਕੋਰੋਨਾ ਦਾ ਇਹ ਨਵਾਂ ਸਟਰੇਨ ਭਾਰਤ ਸਮੇਤ ਹੁਣ ਤੱਕ ਦੁਨੀਆ ਦੇ ਕਈ ਦੇਸ਼ਾਂ ‘ਚ ਫੈਲ ਚੁੱਕਿਆ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪੀੜਤ ਪਾਏ ਗਏ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ‘ਚ ਕੋਰੋਨਾ ਕੇਅਰ ਕੇਂਦਰਾਂ ‘ਚ ਵੱਖ-ਵੱਖ ਕਮਰਿਆਂ ‘ਚ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਇਨ੍ਹਾਂ ਦੇ ਪਰਿਵਾਰ ਵਾਲੇ ਅਤੇ ਨੇੜੇ-ਤੇੜੇ ਸੰਪਰਕ ‘ਚ ਆਏ ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਸਾਰਿਆਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਨਵਾਂ ਸਟਰੇਨ ਜ਼ਿਆਦਾ ਤੇਜ਼ੀ ਨਾਲ ਇਨਫੈਕਸ਼ਨ ਫੈਲਾਉਂਦਾ ਹੈ। ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਮਿਲਣ ਤੋਂ ਬਾਅਦ 23 ਦਸੰਬਰ ਤੋਂ 7 ਜਨਵਰੀ ਤੱਕ ਲਈ ਦੋਹਾਂ ਦੇਸ਼ਾਂ ਦਰਮਿਆਨ ਉਡਾਣਾਂ ਨੂੰ ਬੈਨ ਕਰ ਦਿੱਤਾ ਸੀ। 8 ਜਨਵਰੀ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਬ੍ਰਿਟੇਨ ਤੋਂ ਆਏ ਹੋਏ ਲੋਕਾਂ ਦਾ ਕੋਵਿਡ-19 ਟੈਸਟ ਕੀਤਾ ਜਾ ਰਿਹਾ ਸੀ। ਪਾਜ਼ੇਟਿਵ ਨਿਕਲਣ ਵਾਲੇ ਲੋਕਾਂ ਦੇ ਸੈਂਪਲ ਦੀ ਜੀਨੋਮ ਸੀਕਵੈਂਸਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਉਨ੍ਹਾਂ ਦੇ ਅੰਦਰ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਹੈ ਜਾਂ ਫਿਰ ਪੁਰਾਣਾ। ਬ੍ਰਿਟੇਨ ਤੋਂ ਆਏ ਲੋਕਾਂ ਲਈ ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
News Credit :jagbani(punjabkesari)