ਅੰਮਿ੍ਰਤਸਰ : ਈ. ਸੀ. ਐੱਚ. ਐੱਸ. ਘਪਲੇ ਤੋਂ ਬਾਅਦ ਹੁਣ ਅੰਮਿ੍ਰਤਸਰ ’ਚ ਪੰਜਾਬ ਦਾ ਸਭ ਤੋਂ ਵੱਡਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 1 ਕਰੋਡ਼ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਘਪਲਾ ਸਾਹਮਣੇ ਆਉਣ ਤੋਂ ਬਾਅਦ 4 ਪ੍ਰਾਈਵੇਟ ਹਸਪਤਾਲਾਂ ਨੂੰ ਯੋਜਨਾ ’ਚੋਂ ਬਾਹਰ ਕੱਢ ਦਿੱਤਾ ਹੈ ਅਤੇ ਜ਼ਿਲ੍ਹੇ ਦੇ 87 ਪ੍ਰਾਈਵੇਟ ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕੁਝ ਪ੍ਰਾਈਵੇਟ ਹਸਪਤਾਲ ਤਾਂ ਅਜਿਹੇ ਸਨ, ਜੋ ਫਰਜ਼ੀ ਮਰੀਜ਼ ਵਿਖਾ ਕੇ ਸਰਕਾਰੀ ਰਾਸ਼ੀ ਨੂੰ ਚੂਨਾ ਲਾ ਰਹੇ ਸਨ।
ਜਾਣਕਾਰੀ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਮਲ ’ਚ ਲਿਆਂਦੀ ਗਈ ਹੈ। ਯੋਜਨਾ ਤਹਿਤ ਸਬੰਧਤ ਪਰਿਵਾਰ 5 ਲੱਖ ਤਕ ਦਾ ਇਲਾਜ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ’ਚ ਮੁਫਤ ਕਰਵਾ ਸਕਦਾ ਹੈ। ਅੰਮਿ੍ਰਤਸਰ ’ਚ ਅਜੇ ਐੱਚ. ਈ. ਐੱਸ. ਐੱਚ. ਘਪਲੇ ਦਾ ਮਾਮਲਾ ਠੰਡਾ ਨਹੀਂ ਪਿਆ ਕਿ ਹੁਣ ਸਰਬੱਤ ਸਿਹਤ ਬੀਮਾ ਯੋਜਨਾ ਦਾ ਨਵਾਂ ਘਪਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਅਨੁਸਾਰ ਘਪਲੇ ’ਚ ਸ਼ਾਮਲ ਨਿੱਜੀ ਹਸਪਤਾਲਾਂ ’ਚ ਮੀਰਾਂਕੋਟ ਸਥਿਤ ਵਰਮਾ ਹਸਪਤਾਲ , ਛੇਹਰਟਾ ਗੁਰੂ ਦੀ ਵਡਾਲੀ ਸਥਿਤ ਮਨੂੰ ਅਰੋਡ਼ਾ ਹਸਪਤਾਲ , ਸੰਧੂ ਲਾਈਫ਼ ਕੇਅਰ ਸਮੇਤ ਨਿਊ ਲਾਇਫ ਹਸਪਤਾਲ ਸ਼ਾਮਲ ਹਨ। ਵਿਭਾਗ ਦੀ ਇਨ੍ਹਾਂ ਹਸਪਤਾਲਾਂ ’ਤੇ ਲਗਾਤਾਰ ਨਜ਼ਰ ਸੀ। ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ ’ਤੇ ਹਸਪਤਾਲਾਂ ਦੀ ਜਾਂਚ ਕਰਦੀਆਂ ਰਹੀਆਂ। ਵਿਭਾਗ ਅਨੁਸਾਰ ਸਾਰੇ ਦਸਤਾਵੇਜ਼ੀ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਘਪਲਾ ਫਡ਼ਿਆ ਗਿਆ ਹੈ। ਅੰਮਿ੍ਰਤਸਰ ’ਚ ਸਿਵਲ ਸਰਜਨ ਦੇ ਅਹੁਦੇ ’ਤੇ ਅਜੇ ਕੁਝ ਹੀ ਦਿਨ ਪਹਿਲਾਂ ਡਾ. ਚਰਨਜੀਤ ਸਿੰਘ ਤਾਇਨਾਤ ਹੋਏ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦਾ ਇਹ ਪਹਿਲਾ ਘਪਲਾ ਸਾਹਮਣੇ ਆਉਣ ਤੋਂ ਬਾਅਦ ਉਹ ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਯੋਜਨਾ ਵਿਚ ਸ਼ਾਮਲ ਕੀਤੇ ਗਏ ਜ਼ਿਲੇ ਦੇ 87 ਨਿੱਜੀ ਹਸਪਤਾਲਾਂ ਦੇ ਦਸਤਾਵੇਜ਼ਾਂ ਦੀ ਮੁਡ਼ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।
ਪਤਨੀ ਦੇ ਨਾਂ ’ਤੇ ਫਰਜ਼ੀ ਕਾਰਡ ਬਣਵਾ ਕੇ ਕੀਤਾ ਗਿਆ ਦਾਖਲ
ਡਾ. ਚਰਨਜੀਤ ਨੇ ਦੱਸਿਆ ਕਿ ਮਨੂੰ ਅਰੋੜਾ ਹਸਪਤਾਲ ਦੇ ਸੰਚਾਲਕ ਨੇ ਆਪਣੀ ਪਤਨੀ ਦਾ ਫਰਜ਼ੀ ਕਾਰਡ ਬਣਵਾ ਕੇ ਉਸਨੂੰ ਦਾਖਲ ਕੀਤਾ ਸੀ। ਉਸਦੀ ਪਤਨੀ ਬੀਮਾਰ ਨਹੀਂ ਸੀ। ਜਦੋਂ ਟੀਮ ਇੱਥੇ ਜਾਂਚ ਕਰਨ ਪਹੁੰਚੀ ਤਾਂ ਰਿਕਾਰਡ ’ਚ ਪੂਨਮ ਅਰੋਡ਼ਾ ਦਾ ਨਾਂ ਵੇਖ ਕੇ ਮਰੀਜ਼ ਸਬੰਧੀ ਪੁੱਛਿਆ। ਇਸ ਦੌਰਾਨ ਦੱਸਿਆ ਗਿਆ ਕਿ ਮਰੀਜ਼ ਨੂੰ ਐੱਮ. ਆਰ. ਆਈ. ਕਰਵਾਉਣ ਭੇਜਿਆ ਹੈ। ਜਦੋਂ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਪੱਸ਼ਟ ਹੋਇਆ ਕਿ ਪੂਨਮ ਅਰੋਡ਼ਾ ਤਾਂ ਹਸਪਤਾਲ ਦੇ ਸੰਚਾਲਕ ਡਾ. ਮਨੂੰ ਅਰੋਡ਼ਾ ਦੀ ਪਤਨੀ ਹੈ। ਉਸਨੇ ਫਰਜ਼ੀ ਕਾਰਡ ਤਿਆਰ ਕਰਵਾ ਕੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ।
ਹਸਪਤਾਲ ’ਚ ਸਰਜਨ ਨਹੀਂ ਸੀ ਅਤੇ ਫਿਰ ਵੀ ਕਰ ਦਿੱਤੀ ਸਰਜਰੀ
ਡਾ. ਚਰਨਜੀਤ ਨੇ ਦੱਸਿਆ ਕਿ ਨਿਊ ਲਾਈਫ਼ ਹਸਪਤਾਲ ’ਚ ਸਰਜਨ ਨਹੀਂ ਸੀ ਅਤੇ ਯੋਜਨਾ ਤਹਿਤ ਪੈਨਲ ’ਚ ਦਰਸਾਏ ਗਏ ਡਾਕਟਰਾਂ ’ਚ ਵੀ ਸਰਜਰੀ ਕਰਨ ਵਾਲਾ ਡਾਕਟਰ ਸ਼ਾਮਲ ਨਹੀਂ ਸੀ ਪਰ ਇਸਦੇ ਬਾਵਜੂਦ ਰਿਕਾਰਡ ’ਚ ਮਰੀਜ਼ ਦਾ ਆਪ੍ਰੇਸ਼ਨ ਵਿਖਾਇਆ ਜਾ ਰਿਹਾ ਸੀ । ਜਦੋਂ ਸਰਜਨ ਹੀ ਨਹੀਂ ਤਾਂ ਸਰਜਰੀ ਕਿਵੇਂ ਕੀਤੀ? ਵਿਭਾਗ ਦੀਆਂ ਟੀਮਾਂ ਨੇ ਇਸ ਮਾਮਲੇ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਸੀ।
ਮਰੇ ਹੋਏ ਮਰੀਜ਼ ਨੂੰ ਆਈ. ਸੀ. ਯੂ. ’ਚ ਰੱਖ ਕੇ ਵਿਖਾਇਆ ਗਿਆ ਇਲਾਜ
ਡਾ. ਚਰਨਜੀਤ ਨੇ ਦੱਸਿਆ ਕਿ ਸੰਧੂ ਲਾਈਫ ਕੇਅਰ ਹਸਪਤਾਲ ’ਚ ਮਰੇ ਹੋਏ ਮਰੀਜ਼ ਨੂੰ ਆਈ. ਸੀ. ਯੂ. ’ਚ ਰੱਖ ਕੇ ਇਲਾਜ ਵਿਖਾਇਆ ਜਾ ਰਿਹਾ ਸੀ । ਮਰੀਜ਼ ਦੀ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸਦੀ ਮੌਤ ਤੋਂ ਬਾਅਦ ਵੀ ਕਲੇਮ ਕੀਤਾ ਗਿਆ ਸੀ। ਇਸ ਮਾਮਲੇ ਦੀ ਸੰਖੇਪ ਰਿਪੋਰਟ ਬਣਾ ਕੇ ਚੰਡੀਗਡ਼੍ਹ ਭੇਜੀ ਅਤੇ ਵਿਭਾਗ ਨੇ ਇਨ੍ਹਾਂ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਮਾਨਤਾ ਰੱਦ ਕਰ ਦਿੱਤੀ ਹੈ।
ਮਰੀਜ਼ ਨਹੀਂ ਸੀ ਅਤੇ ਫਿਰ ਵੀ ਕਾਗਜ਼ਾਂ ’ਚ ਕੀਤਾ ਜਾ ਰਿਹਾ ਸੀ ਇਲਾਜ
ਡਾ. ਚਰਨਜੀਤ ਨੇ ਦੱਸਿਆ ਕਿ ਵਰਮਾ ਹਸਪਤਾਲ ’ਚ ਮਰੀਜ਼ ਨਹੀਂ ਸੀ ਪਰ ਕਾਗਜ਼ਾਂ ’ਚ ਉਸਦਾ ਇਲਾਜ ਕੀਤਾ ਜਾ ਰਿਹਾ ਸੀ। ਵਿਭਾਗ ਦੀਆਂ ਟੀਮਾਂ ਵੱਲੋਂ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਸਿਵਲ ਸਰਜਨ ਅਨੁਸਾਰ ਨਿੱਜੀ ਹਸਪਤਾਲਾਂ ’ਚ ਫੇਕ ਕਾਰਡ ਤਿਆਰ ਕਰਵਾਏ ਜਾ ਰਹੇ ਹਨ । ਇਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਹੈ, ਜੋ ਆਰਥਿਕ ਨਜ਼ਰੀਏ ਤੋਂ ਬੇਹੱਦ ਕਮਜ਼ੋਰ ਹਨ। ਇਨ੍ਹਾਂ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ 5 ਲੱਖ ਰੁਪਏ ਦਾ ਮੈਡੀਕਲ ਕਵਰ ਦਿੱਤਾ ਜਾਂਦਾ ਹੈ।
ਈ. ਸੀ. ਐੱਚ. ਐੱਸ. ਘਪਲੇ ’ਚ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਦਰਜ ਹੋ ਚੁੱਕਿਆ ਹੈ ਮਾਮਲਾ
ਧਿਆਨਯੋਗ ਹੈ ਕਿ ਪਿਛਲੇ ਸਾਲ ਈ. ਸੀ. ਐੱਚ. ਐੱਸ. ਘਪਲਾ ਵੀ ਉਜ਼ਾਗਰ ਹੋਇਆ ਸੀ । ਸਾਬਕਾ ਸੈਨਿਕਾਂ ਦੇ ਫਰਜ਼ੀ ਕਾਰਡ ਤਿਆਰ ਕਰਵਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ । ਕਈ ਹਸਪਤਾਲ ਤਾਂ ਮਰੀਜ਼ ਦੇ ਇਲਾਜ ਦੇ ਬਿਨਾਂ ਹੀ ਸਰਕਾਰ ਤੋਂ ਕਲੇਮ ਲੈ ਰਹੇ ਸਨ । ਇਸ ਮਾਮਲੇ ’ਚ ਜ਼ਿਲਾ ਪੁਲਿਸ ਨੇ ਸ਼ਹਿਰ ਦੇ 16 ਡਾਕਟਰਾਂ ਸਮੇਤ 24 ਲੋਕਾਂ ’ਤੇ ਕੇਸ ਦਰਜ ਕੀਤਾ ਸੀ।
ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਆਇਆ ਜਾਵੇਗਾ ਪੇਸ਼
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ 87 ਹਸਪਤਾਲਾਂ ਦੀ ਮੁਡ਼ ਜਾਂਚ ਕਰਵਾਈ ਜਾਵੇਗੀ । ਇਸ ਯੋਜਨਾ ’ਚ ਘਪਲਾ ਕਰਨ ਵਾਲੇ ਹਸਪਤਾਲਾਂ ਦੀ ਮਾਨਤਾ ਰੱਦ ਹੋਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਹ ਖ਼ੁਦ ਵੀ ਹਸਪਤਾਲਾਂ ’ਚ ਜਾ ਕੇ ਚੈਕਿੰਗ ਕਰਨਗੇ। ਕਿਸੇ ਵੀ ਤਰ੍ਹਾਂ ਦਾ ਘਪਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਇਸਦਾ ਫਾਇਦਾ ਜ਼ਰੂਰਤਮੰਦ ਲੋਕਾਂ ਤਕ ਪੁੱਜੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ।
News Credit :jagbani(punjabkesari)