ਨਵੀਂ ਦਿੱਲੀ/ਸੋਨੀਪਤ, – ਸੁਪਰੀਮ ਕੋਰਟ ਦੇ ਖੇਤੀਬਾੜੀ ਕਾਨੂੰਨਾਂ ’ਤੇ ਰੋਕ ਲਗਾਉਣ ਅਤੇ ਕਮੇਟੀ ਦੇ ਗਠਨ ਦੇ ਹੁਕਮ ਤੋਂ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਇਹ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੈਅ ਕਰਨਗੇ ਕਿ ਸੁਪਰੀਮ ਕੋਰਟ ਦੀ ਕਮੇਟੀ ਦੇ ਕੋਲ ਜਾਣਗੇ ਜਾਂ ਨਹੀਂ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਜਬਰਦਸਤੀ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ 10 ਹਜ਼ਾਰ ਦੇ ਲਗਭਗ ਲੋਕ ਮਾਰੇ ਜਾ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੋਰਟ ਦੇ ਹੁਕਮ ਤੋਂ ਬਾਅਦ ਕਿਹਾ-ਅਸੀਂ ਕਿਸਾਨਾਂ ਦੀ ਕਮੇਟੀ ’ਚ ਇਸ ਦੀ ਚਰਚਾ ਕਰਾਂਗੇ। 15 ਜਨਵਰੀ ਨੂੰ ਕਿਸਾਨ ਨੇਤਾਵਾਂ ਅਤੇ ਸਰਕਾਰ ਵਿਚਾਲੇ ਹੋਣ ਵਾਲੀ ਗੱਲਬਾਤ ’ਚ ਵੀ ਸ਼ਾਮਲ ਹੋਣਗੇ। ਜੋ ਕੋਰਟ ਨੇ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ, ਉਸ ’ਚ ਬਾਅਦ ’ਚ ਦੱਸਾਂਗੇ ਕਿ ਜਾਣਗੇ ਜਾਂ ਨਹੀਂ, ਪਰ ਅੰਦੋਲਨ ਜਾਰੀ ਰਹੇਗਾ। ਜਦੋਂ ਤੱਕ ਬਿਲ ਵਾਪਸ ਨਹੀਂ ਹੋਣਗੇ, ਉਦੋਂ ਤੱਕ ਘਰ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨ ਪਰੇਡ ਕਰ ਕੇ ਰਹੇਗਾ। ਉਨ੍ਹਾਂ ਕਿਹਾ ਕਿ ਕੋਰਟ ਵਲੋਂ ਜਾਰੀ ਕਮੇਟੀ ਦੇ ਨਾਂ ’ਚ ਸਰਕਾਰ ਨਾਲ ਗੱਲਬਾਤ ਕਰ ਰਹੇ 40 ਸੰਗਠਨਾਂ ’ਚੋਂ ਕੋਈ ਵੀ ਨਾਂ ਨਹੀਂ ਹੈ।
ਓਧਰ, ਖੇਤੀਬਾੜੀ ਕਾਨੂੰਨਾਂ ’ਤੇ ਰੋਕ ਅਤੇ ਕਮੇਟੀ ਬਣਾਏ ਜਾਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਸਾਨਾਂ ਦੇ ਸਾਂਝੇ ਮੋਰਚੇ ਨੇ ਸਿਰੇ ਤੋਂ ਨਾਕਾਰ ਦਿੱਤਾ ਹੈ। ਹਾਲਾਂਕਿ ਕਿਸਾਨਾਂ ਨੇ ਚੋਟੀ ਦੀ ਅਦਾਲਤ ਵਲੋਂ ਅੰਦੋਲਨ ਦੇ ਹੱਕ ’ਚ ਦਿੱਤੇ ਗਏ ਫੈਸਲੇ ਦਾ ਸਵਾਗਤ ਕੀਤਾ, ਪਰ ਕਮੇਟੀ ਬਾਰੇ ਸਪੱਸ਼ਟ ਕਰ ਦਿੱਤਾ ਕਿ ਉਹ ਇਸ ’ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਜਾਣਦੇ ਸਨ ਕਿ ਹੁਣ ਸਰਕਾਰ ਆਪਣਾ ਪੱਲਾ ਝਾੜਣ ਲਈ ਕੋਈ ਨਵਾਂ ਬਹਾਨਾ ਤਿਆਰ ਕਰੇਗੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਿੰਘੂ ਬਾਰਡਰ ’ਤੇ ਮੀਡੀਆ ਨਾਲ ਗੱਲ ਕਰਦੇ ਹੋਏ ਸਾਂਝੇ ਮੋਰਚੇ ਦੇ ਮੈਂਬਰ ਬਲਬੀਰ ਸਿੰਘ ਰਾਜੇਵਾਲ, ਦਰਸ਼ਨ ਪਾਲ, ਜਗਮੋਹਨ ਸਿੰਘ, ਜਗਜੀਤ ਸਿੰਘ ਦੱਲੇਵਾਲ ਅਤੇ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਕਮੇਟੀ ਲਈ 4 ਨਾਂ ਦਿੱਤੇ ਹਨ, ਜੋ ਪਹਿਲਾਂ ਤੋਂ ਹੀ ਇਨ੍ਹਾਂ ਕਾਨੂੰਨਾਂ ਦੇ ਸਮਰਥਕ ਰਹੇ ਹਨ। ਸੈਂਕੜੇ ਲੇਖ ਇਨ੍ਹਾਂ ਚਾਰਾਂ ਮੈਂਬਰਾਂ ਦੇ ਵੱਖ-ਵੱਖ ਅਖਬਾਰਾਂ ’ਚ ਕਾਨੂੰਨ ਦੀ ਸ਼ਲਾਘਾ ਬਾਰੇ ਛਪੇ ਹੋਏ ਹਨ। ਅਜਿਹੇ ’ਚ ਭਲਾ ਇਹ ਕਿਵੇਂ ਕਿਸਾਨ ਦੇ ਹਿੱਤ ’ਚ ਸੋਚ ਸਕਦੇ ਹਨ। ਦੂਜਾ, ਜਦੋਂ ਕਿਸਾਨਾਂ ਨੇ ਕਮੇਟੀ ਦਾ ਕੋਈ ਪ੍ਰਸਤਾਵ ਰੱਖਿਆ ਹੀ ਨਹੀਂ ਹੈ ਤਾਂ ਇਸ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ’ਚ ਗਏ ਹੀ ਨਹੀਂ ਸਨ। ਇਹ ਪਟੀਸ਼ਨ ਸਰਕਾਰ ਨੇ ਦਰਜ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਾਨੂੰਨਾਂ ਨੂੰ ਮੁਲਤਵੀ ਕਰਨ ਦਾ ਸਵਾਲ ਹੈ, ਇਹ ਕੋਈ ਹੱਲ ਨਹੀਂ ਹੈ। ਕਿਸਾਨਾਂ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜਿਓਂ ਦਾ ਤਿਓਂ ਜਾਰੀ ਰਹੇਗਾ। ਕਿਸਾਨ ਨੇਤਾਵਾਂ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹਰ ਜਗ੍ਹਾ ਭੁਲੇਖਾ ਫੈਲਾਇਆ ਜਾ ਰਿਹਾ ਹੈ ਕਿ ਜਿਵੇਂ ਦੁਸ਼ਮਣ ਦੇਸ਼ ’ਤੇ ਹਮਲਾ ਕਰਨਾ ਚਾਹੁੰਦੇ ਹੋਣ, ਦਿੱਲੀ ਫਤਹਿ ਕਰਨ ਜਾ ਰਹੇ ਹਨ ਪਰ ਅਜਿਹਾ ਕੋਈ ਇਰਾਦਾ ਕਿਸਾਨਾਂ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲੇ ’ਤੇ ਜਾਣ ਦਾ ਪ੍ਰੋਗਰਾਮ ਨਹੀਂ ਹੈ ਅਤੇ ਨਾ ਹੀ ਕਿਸਾਨ ਸੰਸਦ ’ਚ ਜਾਣ ਦੀ ਕੋਸ਼ਿਸ਼ ਕਰਨਗੇ। ਇਸ ’ਤੇ 15 ਦੀ ਬੈਠਕ ਤੋਂ ਬਾਅਦ ਤੈਅ ਹੋਵੇਗਾ ਕਿ ਅੰਦੋਲਨ ਦਾ ਰੂਪ ਕੀ ਹੋਵੇਗਾ। ਸ਼ਾਂਤੀਪੂਰਨ ਢੰਗ ਨਾਲ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਕਰਦੇ ਰਹੇ ਹਾਂ, ਅੱਗੇ ਵੀ ਇਸੇ ਤਰ੍ਹਾਂ ਚੱਲੇਗਾ ਅਤੇ ਸ਼ਾਂਤੀਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਿਸਾਨਾਂ ਨੇ ਕਿਹਾ ਕਿ 15 ਜਨਵਰੀ ਨੂੰ ਗੱਲਬਾਤ ਲਈ ਜ਼ਰੂਰ ਜਾਣਗੇ ਤੇ ਇਸ ਤੋਂ ਬਾਅਦ ਅੰਦੋਲਨ ਦੀ ਅਗਲੀ ਰਣਨੀਤੀ ਬਣੇਗੀ। ਸੰਭਵ ਹੈ ਕਿ ਇਹ ਅੰਦੋਲਨ ਹੁਣ ਹੋਰ ਲੰਮਾ ਚਲੇ। ਫਿਲਹਾਲ ਕਿਸਾਨ ਬੁੱਧਵਾਰ ਨੂੰ ਲੋਹੜੀ ’ਤੇ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਉਣਗੇ।
News Credit :jagbani(punjabkesari)