ਪੰਜਾਬ ‘ਚ ਬੱਸੀ ਪਠਾਣਾ ਵਿੱਚ ਬੌਲੀੁਵਡ ਫ਼ਿਲਮ ਦੀ ਸ਼ੂਟਿੰਗ ਰੋਕੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ੂਟਿੰਗ ਲਈ ਆਈ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੌਲੀੁਵਡ ਅਦਾਕਾਰਾ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਇਸ ਨੂੰ ਰੋਕ ਦਿੱਤਾ। ਬੱਸੀ ਪਠਾਣਾ ‘ਚ ਹਿੰਦੀ ਫ਼ਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਐਤਵਾਰ ਤੋਂ ਸ਼ੁਰੂ ਹੋਣੀ ਸੀ।
ਇਸ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਕੁੱਝ ਨੌਜਵਾਨ ਸ਼ੂਟਿੰਗ ਵਾਲੀ ਥਾਂ ‘ਤੇ ਪਹੁੰਚੇ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਅਤੇ ਬੌਲੀੁਵਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਫ਼ਿਲਮ ਦੀ ਟੀਮ ਨਾਲ ਸਬੰਧਤ ਲਾਲਜੀਤ ਸਿੰਘ ਅਤੇ ਮਨੀਸ਼ ਵਾਲੀਆ ਉਥੇ ਪਹੁੰਚੇ ਅਤੇ ਨੌਜਵਾਨਾਂ ਨੂੰ ਦੱਸਿਆ ਕਿ ਉਹ ਵੀ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਜਦੋਂ ਤਕ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰ ਦਿੰਦੇ ਓਦੋਂ ਤਕ ਸ਼ੂਟਿੰਗ ਨਹੀਂ ਕਰਨਗੇ।
ਦੱਸਣਯੋਗ ਹੈ ਕਿ ਵਿਰੋਧ ਤੋਂ ਬਾਅਦ ਜਾਨ੍ਹਵੀ ਕਪੂਰ ਵਲੋਂ ਇੱਕ ਪੋਸਟ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਸਾਂਝੀ ਕੀਤੀ ਗਈ ਹੈ। ਇਸ ਪੋਸਟ ‘ਚ ਜਾਨ੍ਹਵੀ ਕਪੂਰ ਕਿਸਾਨਾਂ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਜਲਦ ਖ਼ਤਮ ਹੋਣ ਦੀ ਉਮੀਦ ਕਰ ਰਹੀ ਹੈ।
ਉਥੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਸਾਰੇ ਗਾਇਕ ਅਤੇ ਅਦਾਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਬੌਲੀਵੁਡ ਕਲਾਕਾਰ ਵੀ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਲਈ ਤਾਂ ਪੰਜਾਬ ਆਉਂਦੇ ਹਨ ਪਰ ਉਨ੍ਹਾਂ ਨੇ ਇੱਕ ਵਾਰ ਵੀ ਕਿਸਾਨ ਲਹਿਰ ਦੇ ਹੱਕ ‘ਚ ਕੁੱਝ ਨਹੀਂ ਕਿਹਾ। ਇਸ ਕਾਰਨ ਉਨ੍ਹਾਂ ਨੂੰ ਗੁੱਸਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਕਲਾਕਾਰ ਅੰਦੋਲਨ ਦਾ ਸਮਰਥਨ ਨਹੀਂ ਕਰਦੇ, ਉਨ੍ਹਾਂ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਮੌਕੇ ‘ਤੇ ਪੁਲੀਸ ਫ਼ੋਰਸ ਨਾਲ ਪਹੁੰਚੇ ਸਿਟੀ ਇੰਚਾਰਜ ਬਲਜਿੰਦਰ ਸਿੰਘ ਕੰਗ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ।