ਸਿਡਨੀ – ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਡਰਾਅ ਹੋਏ ਮੈਚ ਨੂੰ ਲੈ ਕੇ ਕਿਹਾ ਕਿ ਇਸ ਡਰਾਅ ਨੂੰ ਪਚਾ ਸਕਣਾ ਬੇਹੱਦ ਮੁਸ਼ਕਿਲ ਹੈ, ਪਰ ਅਸੀਂ ਕਈ ਕੈਚ ਛੱਡੇ। ਕਪਤਾਨ ਪੇਨ ਨੇ ਇਸ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਖ਼ੁਦ ਲੈਂਦੇ ਹੋਏ ਕਿਹਾ ਕਿ ਉਸ ਦੀ ਟੀਮ ਨੇ ਕਈ ਕੈਚ ਛੱਡੇ ਜਿਸ ਕਾਰਣ ਆਸਟਰੇਲੀਆ ਮੈਚ ‘ਚ ਵਾਪਿਸ ਆਪਣੀ ਪਕੜ ਬਣਾਉਣ ‘ਚ ਕਾਮਯਾਬ ਨਹੀਂ ਹੋ ਸਕਿਆ। ਭਾਰਤ ਦੇ ਸਾਹਮਣੇ 407 ਦੌੜਾਂ ਦਾ ਟੀਚਾ ਸੀ ਅਤੇ ਉਨ੍ਹਾਂ ਨੇ ਪੰਜ ਵਿਕਟਾਂ ‘ਤੇ 334 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਇਆ।
ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਅਸੀਂ ਮੈਚ ਜਿੱਤਣ ਲਈ ਲੋੜੀਂਦੇ ਮੌਕੇ ਬਣਾਏ ਸਨ, ਪਰ ਹੁਣ ਇਸ ਡਰਾਅ ਮੈਚ ਦੇ ਨਤੀਜੇ ਨੂੰ ਪਚਾ ਸਕਣਾ ਮੁਸ਼ਕਿਲ ਹੈ। ਸਾਡੇ ਗੇਂਦਬਾਜ਼ ਸ਼ਾਨਦਾਰ ਸੀ ਅਤੇ ਨੇਥਨ ਲਾਇਨ ਨੇ ਚੰਗੀ ਗੇਂਦਬਾਜੀ ਕੀਤੀ।” ਉਸ ਨੇ ਕਿਹਾ, ”ਹੁਣ ਮੈਂ ਬ੍ਰਿਸਬੇਨ ਦਾ ਇੰਤਜਾਰ ਕਰ ਰਿਹਾ ਹਾਂ। ਅਸੀਂ ਪਿਛਲੇ ਦੋ ਮੈਚਾਂ ਵਿੱਚ ਆਪਣੀ ਸਰਵਸ੍ਰੇਸ਼ਠ ਖੇਡ ਨਹੀਂ ਖੇਡੀ, ਪਰ ਅਸੀਂ ਇਸ ਟੈਸਟ ਵਿੱਚ ਬੱਲੇ ਨਾਲ ਥੋੜ੍ਹਾ ਚੰਗੇ ਸੀ। ਸਾਡੇ ਲਈ ਕੁੱਝ ਹਾਂ-ਪੱਖੀ ਪਹਿਲੂ ਵੀ ਹਨ। ਇਸ ਮੁਕਾਬਲੇ ‘ਚ ਸਾਡੇ ਗੇਂਦਬਾਜਾਂ ਨੇ ਕਾਫ਼ੀ ਮੌਕੇ ਵੀ ਬਣਾਏ।” ਪੇਨ ਨੇ ਕਿਹਾ ਕਿ ਭਾਰਤ ਨੇ ਸਖ਼ਤ ਸੰਘਰਸ਼ ਕੀਤਾ। ਨਿਸ਼ਚਿਤ ਤੌਰ ‘ਤੇ ਅਸੀਂ ਮੈਚ ਜਿੱਤਣਾ ਚਾਹੁੰਦੇ ਸੀ। ਅਸੀਂ ਬਹੁਤ ਮੌਕੇ ਗੁਆਏ। ਇਹ ਟੈੱਸਟ ਕ੍ਰਿਕਟ ਦਾ ਸ਼ਾਨਦਾਰ ਮੈਚ ਸੀ।