ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ICC ਟੈੱਸਟ ਬੱਲੇਬਾਜ਼ੀ ਦੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਆ ਗਿਐ ਜਦ ਕਿ ਆਸਟਰੇਲੀਆ ਦਾ ਸਟੀਵ ਸਮਿਥ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਉੱਧਰ ਮਿਡਲ ਆਰਡਰ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੋ ਪਾਇਦਾਨ ਚੜ੍ਹ ਕੇ ਅੱਠਵੇਂ ਸਥਾਨ ‘ਤੇ ਆ ਗਿਐ। ਕੋਹਲੀ ਦੇ ਤਾਜ਼ਾ ਰੈਂਕਿੰਗ ‘ਚ 870 ਅੰਕ ਹਨ। ਉੱਧਰ ਪਟਰਨਿਟੀ ਛੁੱਟੀ ਕਾਰਨ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈੱਸਟ ਤੋਂ ਬਾਅਦ ਵਾਪਿਸ ਆ ਗਿਆ ਸੀ। ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਬੇਟੀ ਨੂੰ ਜਨਮ ਦਿੱਤਾ। ਸਮਿਥ 900 ਅੰਕ ਦੇ ਨਾਲ ਦੂਜੇ ਸਥਾਨ ‘ਤੇ ਹੈ ਜਦੋਂ ਕਿ ਚੋਟੀ ‘ਤੇ ਨਿਊ ਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਹੈ ਜਿਨ੍ਹਾਂ ਦੇ 919 ਅੰਕ ਹਨ। ਸਮਿਥ ਨੇ ਸਿਡਨੀ ਟੈੱਸਟ ‘ਚ 131 ਅਤੇ 81 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਪਾਕਿਸਤਾਨ ਖ਼ਿਲਾਫ਼ ਕ੍ਰਾਈਸਟਚਰਚ ਟੈੱਸਟ ‘ਚ 238 ਦੌੜਾਂ ਦੀ ਪਾਰੀ ਖੇਡੀ ਸੀ। ਉਹ ICC ਰੈਂਕਿੰਗ ‘ਚ ਰੇਟਿੰਗ ਅੰਕ ਪਾਉਣ ਵਾਲਾ ਪਹਿਲਾ ਕੀਵੀ ਕਪਤਾਨ ਵੀ ਬਣ ਗਿਐ।
ਤੀਜੇ ਟੈੱਸਟ ‘ਚ ਦੋ ਅਰਧ ਸੈਂਕੜੇ ਬਣਾ ਕੇ ਭਾਰਤ ਨੂੰ ਡਰਾਅ ਕਰਵਾਉਣ ‘ਚ ਮਦਦ ਕਰਨ ਵਾਲਾ ਪੁਜਾਰਾ ਅੱਠਵੇਂ ਸਥਾਨ ‘ਤੇ ਹੈ ਜਦੋਂਕਿ ਕਾਰਜਵਾਹਕ ਕਪਤਾਨ ਅਜਿੰਕਯ ਰਹਾਣੇ ਇੱਕ ਪਾਇਦਾਨ ਖਿਸਕ ਕੇ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਰਿਸ਼ਭ ਪੰਤ ਨੇ 36 ਅਤੇ 96 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਨ੍ਹਾਂ ਦੇ ਦਮ ‘ਤੇ ਉਹ 19 ਪਾਇਦਾਨ ਦੀ ਛਲਾਂਗ ਲਗਾ ਕੇ 26ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਨੁਮਾ ਵਿਹਾਰੀ 52ਵੇਂ, ਸ਼ੁਭਮਨ ਗਿਲ 69ਵੇਂ ਅਤੇ ਆਰ ਅਸ਼ਵਿਨ 89ਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ‘ਚ ਔਫ਼ ਸਪਿਨਰ ਅਸ਼ਵਿਨ ਦੋ ਪਾਇਦਾਨ ਡਿੱਗ ਕੇ ਨੌਵੇਂ ਸਥਾਨ ‘ਤੇ ਹੈ ਜਦੋਂਕਿ ਜਸਪ੍ਰੀਤ ਬੁਮਰਾਹ ਇੱਕ ਪਾਇਦਾਨ ਹੇਠਾਂ ਦੱਸਵੇਂ ਸਥਾਨ ‘ਤੇ ਹਨ। ਪੈਟ ਕਮਿਨਜ਼ ਇਸ ਸੂਚੀ ‘ਚ ਚੋਟੀ ‘ਤੇ ਹੈ ਜਿਸ ਤੋਂ ਬਾਅਦ ਇੰਗਲੈਂਡ ਦੇ ਸਟੁਅਰਟ ਬ੍ਰੈਂਡ ਦਾ ਨਾਮ ਆਉਂਦੈ।