ਨਵੀਂ ਦਿੱਲੀ – ਆਸਟ੍ਰੇਲੀਆ ਖ਼ਿਲਾਫ਼ ਚੌਥੇ ਅਤੇ ਸੀਰੀਜ਼ ਦੇ ਆਖ਼ਰੀ ਟੈੱਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੈ। ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਪਹਿਲਾਂ ਤੋਂ ਹੀ ਜ਼ਖਮੀ ਹੋਣ ਕਾਰਨ ਟੀਮ ‘ਚੋਂ ਬਾਹਰ ਸਨ, ਅਤੇ ਹੁਣ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵੀ ਚੌਥੇ ਟੈੱਸਟ ‘ਚੋਂ ਬਾਹਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। BCCI ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ।
ਇੱਕ ਨਿਊਜ਼ ਰਿਪੋਰਟ ਮੁਤਾਬਿਕ, ਬੁਮਰਾਹ ਦੀ ਸਕੈਨਿੰਗ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਢਿੱਡ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਆਇਆ ਹੈ। ਇੰਗਲੈਂਡੇ ਖ਼ਿਲਾਫ਼ ਅਗਲੇ ਚਾਰ ਮੈਚਾਂ ਦੀ ਟੈੱਸਟ ਸੀਰੀਜ਼ ਕਾਰਨ ਭਾਰਤੀ ਟੀਮ ਪ੍ਰਬੰਧਕ ਨਹੀਂ ਚਾਹੁੰਦੇ ਕਿ ਬੁਮਰਾਹ ਦੀ ਇਹ ਸੱਟ ਜ਼ਿਆਦਾ ਵਧੇ। ਅਜਿਹੇ ‘ਚ ਉਨ੍ਹਾਂ ਨੂੰ ਚੌਥੇ ਟੈੱਸਟ ‘ਚ ਆਰਾਮ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਭਾਰਤ ਵਿਚਕਾਰ ਖੇਡੇ ਗਏ ਤਿੰਨ ਮੈਚਾਂ ‘ਚੋਂ ਤੀਜ਼ਾ ਮੈਚ ਡਰਾਅ ਰਿਹਾ ਜਦੋਂਕਿ ਪਹਿਲੇ ਦੋ ਮੈਚ ਲੜੀਵਾਰ ਆਸਟਰੇਲੀਆ ਅਤੇ ਭਾਰਤ ਨੇ ਜਿੱਤੇ ਸਨ। ਅਜਿਹੇ ‘ਚ ਦੋਵੇਂ ਟੀਮਾਂ ਸੀਰੀਜ਼ ‘ਚ 1-1 ਦੀ ਬਰਾਬਰੀ ‘ਤੇ ਹਨ ਅਤੇ ਅਗਲਾ ਮੈਚ ਨਿਰਣਾਇਕ ਸਾਬਿਤ ਹੋਵੇਗਾ। ਚੌਥਾ ਟੈੱਸਟ ਮੈਚ 15 ਜਨਵਰੀ ਤੋਂ ਪਹਿਲਾਂ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡਿਆ ਜਾਵੇਗਾ।
BCCI ਨੇ ਪੁਸ਼ਟੀ ਕੀਤੀ ਸੀ ਕਿ ਜਡੇਜਾ ਆਸਟਰੇਲੀਆ ਖ਼ਿਲਾਫ਼ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈੱਸਟ ਦਾ ਹਿੱਸਾ ਨਹੀਂ ਹੋਵੇਗਾ। ਜਡੇਜਾ ਦੇ ਖੱਬੇ ਅੰਗੂਠੇ ‘ਤੇ ਤੀਜੇ ਟੈੱਸਟ ਦੇ ਤੀਜੇ ਦਿਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਕੈਨਿੰਗ ਕੀਤੀ ਗਈ ਜਿਸ ‘ਚ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਅੰਗੂਠਾ ਆਪਣੀ ਜਗ੍ਹਾ ਤੋਂ ਹਿਲ ਗਿਆ ਸੀ। ਜਿਥੋਂ ਤਕ ਜਡੇਜਾ ਦੀ ਵਾਪਸੀ ਦੀ ਗੱਲ ਹੈ ਤਾਂ ਉਹ ਛੇ ਹਫ਼ਤੇ ਤਕ ਮੈਦਾਨ ‘ਚ ਨਹੀਂ ਆ ਸਕੇਗਾ। ਉੱਧਰ ਇੰਗਲੈਂਡ ਖ਼ਿਲਾਫ਼ ਚਾਰੇ ਮੈਚਾਂ ਦੀ ਟੈੱਸਟ ਸੀਰੀਜ਼ ‘ਚ ਉਹ ਤਾਂ ਹੀ ਹਿੱਸਾ ਲੈ ਸਕੇਗਾ ਜੇ ਡਾਕਟਰ ਉਸ ਦੀ ਸੱਟ ਦੇ ਨਿਰੀਖਣ ‘ਤੇ ਉਸ ਨੂੰ ਖੇਡਣ ਲਈ ਫ਼ਿੱਟ ਘੋਸ਼ਿਤ ਕਰ ਦੇਣਗੇ। ਫ਼ਿਲਹਾਲ ਉਹ ਇੰਗਲੈਂਡ ਖ਼ਿਲਾਫ਼ ਅਗਲੀ ਟੈੱਸਟ ਸੀਰੀਜ਼ ਤੋਂ ਬਾਹਰ ਹੀ ਦਿਖਾਈ ਦੇ ਰਿਹੈ।