ਸਿਡਨੀ – ਆਸਟਰੇਲੀਆ ਦੇ ਟੈੱਸਟ ਕਪਤਾਨ ਟਿਮ ਪੇਨ ਨੇ ਸਿਡਨੀ ਵਿੱਚ ਭਾਰਤ ਨਾਲ ਖੇਡੇ ਗਏ ਤੀਜੇ ਟੈੱਸਟ ਮੈਚ ‘ਚ ਸੋਮਵਾਰ ਨੂੰ ਪਮਜਵੇਂ ਅਤੇ ਆਖ਼ਰੀ ਦਿਨ ਮੈਦਾਨ ‘ਤੇ ਆਪਣੇ ਮਾੜੇ ਰਵੱਈਏ ਲਈ ਮੁਆਫ਼ੀ ਮੰਗੀ ਹੈ। ਇਹ ਮੈਚ ਡਰਾਅ ਰਿਹਾ ਤੇ ਦੋਵੇਂ ਟੀਮਾਂ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ‘ਚ ਇੱਕ-ਇੱਕ ਦੀ ਬਰਾਬਰੀ ‘ਤੇ ਹਨ।

ਆਸਟਰੇਲੀਆ ਦਾ ਕਪਤਾਨ ਅਤੇ ਵਿਕਟਕੀਪਰ ਪੇਨ ਭਾਰਤੀ ਬੱਲੇਬਾਜ ਰਵੀਚੰਦਰਨ ਅਸ਼ਵਿਨ ਨੂੰ ਵਿਕਟਾਂ ਦੇ ਪਿੱਛੇ ਤੋਂ ਵਾਰ-ਵਾਰ ਕੁੱਝ ਕੌਮੈਂਟ ਕਰ ਰਿਹਾ ਸੀ ਜਿਸ ਕਾਰਣ ਅਸ਼ਵਿਨ ਬੱਲੇਬਾਜ਼ੀ ਕ੍ਰੀਜ਼ ਤੋਂ ਹਟ ਜਾਂਦਾ ਸੀ ਅਤੇ ਉਸ ਨੇ ਅੰਪਾਇਰ ਵੱਲ ਇਸ਼ਾਰਾ ਵੀ ਕੀਤਾ ਕਿ ਪੇਨ ਵਿਕਟਾਂ ਦੇ ਪਿੱਛੇ ਤੋਂ ਲਗਾਤਾਰ ਕੁੱਝ ਬੋਲ ਰਿਹਾ ਹੈ। ਅਸ਼ਵਿਨ ਅਤੇ ਹਨੁਮਾ ਵਿਹਾਰੀ ਮੈਚ ਡਰਾਅ ਕਰਵਾਉਣ ਲਈ ਕ੍ਰੀਜ਼ ‘ਤੇ ਡਟੇ ਰਹੇ ਅਤੇ ਅਸ਼ਵਿਨ ਦੀ ਇਕਾਗਰਤਾ ਭੰਗ ਕਰਨ ਲਈ ਪੇਨ ਅਜਿਹੀ ਰਣਨੀਤੀ ਦਾ ਸਹਾਰਾ ਲੈ ਰਿਹਾ ਸੀ, ਪਰ ਇਹ ਵਿਵਾਦ ਬਣਦਾ ਜਾ ਰਿਹਾ ਸੀ।
ਪੇਨ ਨੇ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗੀ। ਉਸ ਨੇ ਕਿਹਾ, ”ਮੈਨੂੰ ਲੱਗਦੈ ਕਿ ਕੱਲ੍ਹ ਜੋ ਕੁੱਝ ਹੋਇਆ, ਉਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ। ਮੈਂ ਕੱਲ੍ਹ ਜੋ ਕੁੱਝ ਕੀਤਾ, ਉਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਇਸ ਟੀਮ ਦੀ ਅਗਵਾਈ ਕਰਨ ਦੇ ਤਰੀਕੇ ਲਈ ਖ਼ੁਦ ‘ਤੇ ਮਾਣ ਕਰਦਾ ਸੀ, ਪਰ ਕੱਲ ਇੱਕ ਖ਼ਰਾਬ ਪ੍ਰਤੀਬਿੰਬ ਦਿਖਾਈ ਦਿੱਤਾ। ਮੇਰੀ ਅਗਵਾਈ ਚੰਗੀ ਨਹੀਂ ਸੀ, ਮੈਂ ਖੇਡ ਦਾ ਦਬਾਅ ਆਪਣੇ ਉੱਪਰ ਲੈ ਲਿਆ ਜਿਸ ਨਾਲ ਮੇਰਾ ਮੂਡ ਖ਼ਰਾਬ ਹੋਇਆ ਅਤੇ ਇਸ ਵਜ੍ਹਾ ਨਾਲ ਮੇਰੇ ਪ੍ਰਦਰਸ਼ਨ ‘ਤੇ ਅਸਰ ਪਿਆ। ਕੱਲ੍ਹ ਜਦੋਂ ਮੈਂ ਮੈਦਾਨ ਵਿਚੋਂ ਬਾਹਰ ਆਇਆ ਤਾਂ ਮੇਰਾ ਪੂਰਾ ਧਿਆਨ ਮੇਰੀ ਵਿਕਟਕੀਪਿੰਗ ਦੇ ਉਸ ਸਮੇਂ ‘ਤੇ ਸੀ। ਮੈਂ ਪੂਰੀ ਖੇਡ ਬਾਰੇ ਵੀ ਸੋਚਿਆ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਟੀਮ ਦੇ ਲੀਡਰ ਦੇ ਰੂਪ ‘ਚ ਬਹੁਤ ਹੀ ਖ਼ਰਾਬ ਕ੍ਰਿਕਟ ਖੇਡੀ।”