ਬੌਲੀਵੁਡ ਦੇ ਦਿੱਗਜ ਅਦਾਕਾਰ ਅਤੇ ਹੈਂਡਸਮ ਹੰਕ ਰਿਤਿਕ ਰੌਸ਼ਨ ਦਾ ਜਨਮ ਦਿਨ 10 ਜਨਵਰੀ ਨੂੰ ਆਉਂਦਾ ਹੈ। ਉਸ ਨੇ ਬੌਲੀਵੁਡ ਦੀਆਂ ਕਈ ਫ਼ਿਲਮਾਂ ‘ਚ ਆਪਣੇ ਸ਼ਾਨਦਾਰ ਕਿਰਦਾਰਾਂ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਬੀਤੇ ਦਿਨੀਂ ਉਸ ਨੇ ਆਪਣਾ 47ਵਾਂ ਜਨਮਦਿਨ ਮਨਾਇਆ। ਰਿਤਿਕ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੌਸ਼ਨ ਦਾ ਬੇਟਾ ਹੈ। ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਸ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ ਤੋਂ ਜਾਣੂ ਕਰਵਾ ਰਹੇ ਹਾਂ।
ਰਿਤਿਕ ਰੌਸ਼ਨ ਨੇ ਸਿਨੇਮਾ ‘ਚ ਆਪਣੇ ਐਕਟਿੰਗ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ। ਉਹ ਛੇ ਸਾਲ ਦੀ ਉਮਰ ‘ਚ ਪਹਿਲੀ ਵਾਰ ਫ਼ਿਲਮ ਆਸ਼ਾ ‘ਚ ਨਜ਼ਰ ਆਇਆ ਸੀ। ਇਹ ਫ਼ਿਲਮ ਸਾਲ 1980 ‘ਚ ਆਈ ਸੀ। ਉਸ ਤੋਂ ਬਾਅਦ ਉਸ ਨੇ ਆਪ ਕੇ ਦੀਵਾਨੇ (1980), ਆਸ-ਪਾਸ (1981) ਫ਼ਿਲਮ ‘ਚ ਵੀ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ਸੀ। ਉਸ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ।
ਉਸ ਤੋਂ ਬਾਅਦ ਰਿਤਿਕ ਰੌਸ਼ਨ ਨੇ ਆਪਣੀ ਪੜ੍ਹਾਈ ਕਾਰਨ ਐਕਟਿੰਗ ਤੋਂ ਦੂਰੀ ਬਣਾ ਲਈ। ਲੰਬੇ ਸਮੇਂ ਬਾਅਦ ਉਸ ਨੇ ਵੱਡੇ ਪਰਦੇ ‘ਤੇ ਬਤੌਰ ਮੁੱਖ ਅਦਾਕਾਰ ਦੇ ਰੂਪ ‘ਚ ਵਾਪਸੀ ਕੀਤੀ। ਸਾਲ 2000 ‘ਚ ਰਿਤਿਕ ਰੌਸ਼ਨ ਨੇ ਵੱਡਾ ਹੋ ਕੇ ਬੌਲੀੁਵਡ ‘ਚ ਆਪਣਾ ਕਰੀਅਰ ਸ਼ੁਰੂ ਕੀਤਾ। ਮੁੱਖ ਅਦਾਕਾਰ ਦੇ ਤੌਰ ‘ਤੇ ਉਸ ਦੀ ਪਹਿਲੀ ਫ਼ਿਲਮ ਸੀ ਕਹੋ ਨਾ ਪਿਆਰ ਹੈ।
ਇਸ ਫ਼ਿਲਮ ‘ਚ ਉਨ੍ਹਾਂ ਨਾਲ ਅਦਾਕਾਰਾ ਅਮੀਸ਼ਾ ਪਟੇਲ ਮੁੱਖ ਭੂਮਿਕਾ ‘ਚ ਸੀ। ਰਿਤਿਕ ਰੌਸ਼ਨ ਤੇ ਅਮੀਸ਼ਾਂ ਪਟੇਲ ਦੀ ਜੋੜੀ ਨੂੰ ਦਰਸ਼ਕਾਂ ਨੇ ਫ਼ਿਲਮੀ ਪਰਦੇ ‘ਤੇ ਖ਼ੂਬ ਪਸੰਦ ਕੀਤਾ। ਫ਼ਿਲਮ ਕਹੋ ਨਾ ਪਿਆਰ ਹੈ ਹਿੱਟ ਸਾਬਿਤ ਹੋਈ, ਅਤੇ ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਫ਼ਿਲਮ ਦਾ ਨਿਰਦੇਸ਼ਨ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੇ ਕੀਤਾ ਸੀ। ਇਹ ਗੱਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਕੇਸ਼ ਰੌਸ਼ਨ ਕਹੋ ਨਾ ਪਿਆਰ ਹੈ ਸ਼ਾਹਰੁਖ ਖ਼ਾਨ ਨਾਲ ਬਣਾਉਣਾ ਚਾਹੁੰਦੇ ਸਨ, ਪਰ ਕਿਸੇ ਵਜ੍ਹਾ ਨਾਲ ਗੱਲ ਨਹੀਂ ਬਣ ਸਕੀ।