ਨਵੀਂ ਦਿੱਲੀ – ਆਸਟਰੇਲੀਆ ਅਤੇ ਭਾਰਤ ਦੇ ਵਿਚਕਾਰ ਜਦੋਂ ਤੋਂ ਟੈੱਸਟ ਸੀਰੀਜ਼ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਕੋਈ ਨਾ ਕੋਈ ਖਿਡਾਰੀ ਜ਼ਖਮੀ ਹੋ ਰਿਹਾ ਹੈ। ਪੂਰੀ ਟੈੱਸਟ ਸੀਰੀਜ਼ ਦੌਰਾਨ ਹੀ ਭਾਰਤੀ ਟੀਮ ਨੂੰ ਇਸ ਸਮੱਸਿਆ ਨਾਲ ਜੂਝਣਾ ਪਿਆ ਹੈ। ਹੁਣ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਵੀ ਟ੍ਰੇਨਿੰਗ ਦੌਰਾਨ ਜ਼ਖ਼ਮੀ ਹੋ ਗਿਆ ਹੈ। ਉਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੀ ਗਿਣਤੀ ਵੱਧ ਗਈ ਹੈ। ਇਸ ਰਿਪੋਰਟ ਮੁਤਾਬਿਕ, ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਚੌਥੇ ਟੈੱਸਟ ‘ਚ ਖੇਡ ਸਕਦਾ ਹੈ, ਪਰ ਰਿਹਰਸਲ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ। ਉਸ ਦੇ ਜ਼ਖ਼ਮੀ ਹੋਣ ਨਾਲ ਭਾਰਤੀ ਟੀਮ ਦੀ ਮੁਸੀਬਤ ਹੋਰ ਵੀ ਵੱਧ ਗਈ ਹੈ ਕਿਉਂਕਿ ਹਨੁਮਾ ਵਿਹਾਰੀ ਦੇ ਸੀਰੀਜ਼ ਤੋਂ ਬਾਹਰ ਜਾਣ ਤੋਂ ਬਾਅਦ ਉਹ ਚੌਥਾ ਟੈੱਸਟ ਮੈਚ ਖੇਡਣ ਦਾ ਪ੍ਰਬਲ ਦਾਅਵੇਦਾਰ ਸੀ, ਪਰ ਉਸ ਦੀ ਸੱਟ ਦੇ ਕਾਰਨ ਟੀਮ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ।
ਮਯੰਕ ਨੂੰ ਸੱਟ ਲੱਗਣ ਤੋਂ ਬਾਅਦ ਜਲਦ ਹੀ ਸਕੈਨਿੰਗ ਲਈ ਲਿਜਾਇਆ ਗਿਆ, ਅਤੇ ਹੁਣ ਉਸ ਦੀ ਸਕੈਨਿੰਗ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਸੱਟ ਕਿੰਨੀ ਗੰਭੀਰ ਹੈ। ਉੱਧਰ ਟੀਮ ਮੈਨੇਜਮੈਂਟ ਮਯੰਕ ਦੀ ਸੱਟ ‘ਤੇ ਇਹ ਉਮੀਦ ਕਰ ਰਹੀ ਹੈ ਕਿ ਉਸ ਨੂੰ ਫ਼ਰੈਕਚਰ ਨਹੀਂ ਹੋਇਆ ਹੋਵੇਗਾ ਅਤੇ ਉਹ ਜਲਦ ਹੀ ਟੀਮ ਦੇ ਨਾਲ ਰਿਹਰਸਲ ਕਰਦਾ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਹੁਣ ਤਕ ਇਸ ਟੈੱਸਟ ਸੀਰੀਜ਼ ‘ਚ ਕੁੱਲ ਨੌਂ ਖਿਡਾਰੀ ਜ਼ਖ਼ਮੀ ਹੋ ਚੁੱਕੇ ਹਨ ਅਤੇ ਇਨ੍ਹਾਂ ਖਿਡਾਰੀਆਂ ਦੇ ਜ਼ਖ਼ਮੀ ਹੋਣ ਨਾਲ ਭਾਰਤੀ ਟੀਮ ਦਾ ਕਾਫ਼ੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਇਸ ਸੀਰੀਜ਼ ‘ਚ ਪਮਜ ਖਿਡਾਰੀ ਬਾਹਰ ਵੀ ਹੋ ਚੁੱਕੇ ਹਨ। ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਰਵਿੰਦਰ ਜਡੇਜਾ, ਕੇ. ਐੱਲ. ਰਾਹੁਲ, ਹਨੁਮਾ ਵਿਹਾਰੀ, ਆਰ. ਅਸ਼ਵਿਨ, ਰਿਸ਼ਭ ਪੰਤ, ਬੁਮਰਾਹ ਜ਼ਖ਼ਮੀ ਹੋ ਚੁੱਕੇ ਹਨ।