Image Courtesy :jagbani(punjabkesari)

ਨਵੀਂ ਦਿੱਲੀ– ਕੇਂਦਰ ਦੁਆਰਾ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮਾਹਾਰਾਸ਼ਟਰ ਅਤੇ ਹਰਿਆਣਾ ’ਚ ਪੋਲਟਰੀ ਪੰਛੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਜਾਰੀ ਹੈ ਜਦਕਿ ਮੁੰਬਈ ਦੇ ਨਾਲ-ਨਾਲ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ’ਚ ਪੋਲਟਰੀ ’ਚ ਬਰਡ ਫਲੂ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਹੁਣ ਤਕ 11 ਰਾਜਾਂ- ਛੱਤੀਸਗੜ੍ਹ, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਉੱਤਰ-ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ’ਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਕੇਂਦਰ ਨੇ ਹਾਲਾਂਕਿ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੋਲਟਰੀ ਪੰਛੀਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਗਾਉਣ ਦੇ ਆਪਣੇ ਫੈਸਲਿਆਂ ’ਤੇ ਵਿਚਾਰ ਕਰਨ। ਜਿਹੜੇ ਖੇਤਰ/ਰਾਜ ਬਰਡ ਫਲੂ ਨਾਲ ਪ੍ਰਭਵਿਤ ਨਹੀਂ ਹਨ, ਉਥੇ ਹੀ ਇਨ੍ਹਾਂ ਉਤਪਾਦਾਂ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਜਾਵੇ।
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਪੋਲਟਰੀ ਵਿਕਾਸ ਸੰਗਠਨ (Central Poultry Development Organization) (CPDO), ਮੁੰਬਈ ਅਤੇ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ’ਚ ਖੇੜਾ ਰੋਡ ’ਤੇ ਪੋਲਟਰੀ ’ਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪੋਲਟਰੀ ’ਚ ਹੀ ਨਹੀਂ ਪੰਨਾ, ਸਾਂਚੀ, ਰਾਏਸੇਨ ਅਤੇ ਬਾਲਾਘਾਟ ’ਚ ਵੀ ਕਾਵਾਂ, ਸ਼ੀਓਪੁਰ ’ਚ ਕਾਂਵਾਂ ਅਤੇ ਉੱਲੂ ਜਦਕਿ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ’ਚ ਹੰਸ ਅਤੇ ਕਬੂਤਰਾਂ ’ਚ ਇਸ ਬੀਮਾਰੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬਸਤਰ ’ਚ ਕਾਵਾਂ ਅਤੇ ਕਬੂਤਰਾਂ ’ਚ ਜਦਕਿ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ’ਚ ਕਾਂਵਾਂ ’ਚ ਇਸ ਵਾਇਰਲ ਬੀਮਾਰੀ ਦੀ ਪੁਸ਼ਟੀ ਹੋਈ ਹੈ।
ਇਸੇ ਤਰ੍ਹਾਂ ਉੱਤਰਾਖੰਡ ਦੇ ਹਰਿਦੁਆਰ ਅਤੇ ਲੈਂਸਹਾਊਨ ਤੋਂ ਵੀ ਕਾਵਾਂ ਦੇ ਨਮੂਨਿਆਂ ’ਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਦਿੱਲੀ ਦੇ ਰੋਹਿਣੀ ’ਚ ਬਗਲਿਆਂ ਦੇ ਮਨੂਨੇ ਬਰਡ ਫਲੂ ਲਈ ਪਾਜ਼ੇਟਿਵ ਪਾਏ ਗਏ ਹਨ। ਮਹਾਰਾਸ਼ਟਰ ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੂੰ ਪੰਛੀਆਂ ਦੀ ਕਿਸੇ ਵੀ ਸਾਧਾਰਣ ਮੌਤ ਦੀ ਰਿਪੋਰਟ ਕਰਨ ਲਈ ਇਕ ਟੋਲ ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਹੈ ਕਿ ਮੱਧ-ਪ੍ਰਦੇਸ਼ ’ਚ ਰੈਪਿਡ ਰਿਸਪਾਂਸ ਟੀਮ (RRP) ਤਾਇਨਾਤ ਕੀਤੀ ਗਈ ਹੈ।
News Credit :jagbani(punjabkesari)