Image Courtesy :jagbani(punjabkesari)

ਨਵੀਂ ਦਿੱਲੀ— 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਨਾਲ ਸਿੰਘੂ ਸਰਹੱਦ ’ਤੇ ਅਹਿਮ ਬੈਠਕ ਹੋਈ। ਇਸ ਬੈਠਕ ’ਚ ਕਿਸਾਨਾਂ ਨੇ ਦਿੱਲੀ ਪੁਲਸ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਆਪਣਾ ਰੋਡਮੈਪ ਸੌਂਪਿਆ ਹੈ। ਇਸ ਰੋਡਮੈਂਪ ’ਚ ਕਿਸਾਨ ਆਗੂਆਂ ਨੇ ਮੁੱਖ ਗੱਲਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲ ’ਚ ਪਰੇਡ ਤੋਂ ਪਿੱਛੇ ਨਹੀਂ ਹੱਟਣਗੇ। ਸਾਡਾ 26 ਜਨਵਰੀ ਦਾ ਪ੍ਰੋਗਰਾਮ ਤੈਅ ਹੈ। ਇਹ ਟਰੈਕਟਰ ਪਰੇਡ ਦਿੱਲੀ ਅੰਦਰ ਹੀ ਕੱਢਾਂਗੇ ਅਤੇ ਸ਼ਾਂਤੀਪੂਰਨ ਢੰਗ ਨਾਲ ਕੱਢਾਂਗੇ। ਇਸ ਟਰੈਕਟਰ ਪਰੇਡ ’ਚ ਵੱਡੀ ਗਿਣਤੀ ’ਚ ਕਿਸਾਨ ਹਿੱਸਾ ਲੈਣਗੇ।
ਦੱਸ ਦੇਈਏ ਕਿ ਕਿਸਾਨਾਂ ਦੀ 7 ਮੈਂਬਰੀ ਕਮੇਟੀ ਨੇ ਦਿੱਲੀ ਪੁਲਸ ਨਾਲ ਟਰੈਕਟਰ ਪਰੇਡ ਨੂੰ ਲੈ ਕੇ ਚਰਚਾ ਕੀਤੀ। ਕਿਸਾਨਾਂ ਅਤੇ ਦਿੱਲੀ ਪੁਲਸ ਵਿਚਾਲੇ ਟਰੈਕਟਰ ਪਰੇਡ ਨੂੰ ਲੈ ਕੇ ਗੱਲਬਾਤ ਕਿਸੇ ਸਿੱਟੇ ’ਤੇ ਨਹੀਂ ਪੁੱਜੀ ਅਤੇ ਭਲਕੇ ਮੁੜ 11 ਵਜੇ ਇਸ ਸਬੰਧ ’ਚ ਦਿੱਲੀ ਪੁਲਸ ਨਾਲ ਕਿਸਾਨਾਂ ਦੀ 7 ਮੈਂਬਰੀ ਕਮੇਟੀ ਬੈਠਕ ਕਰੇਗੀ। ਇਸ ਬੈਠਕ ’ਚ ਮੁੜ ਤੋਂ ਦਿੱਲੀ ਪੁਲਸ ਨਾਲ ਕਿਸਾਨਾਂ ਚਰਚਾ ਕਰਨਗੇ ਅਤੇ ਮੰਗ ਕਰਨਗੇ ਕਿ ਉਨ੍ਹਾਂ ਨੂੰ ਦਿੱਲੀ ’ਚ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਦਿੱਲੀ ’ਚ 26 ਜਨਵਰੀ ਨੂੰ ਕਿਸਾਨਾਂ ਨੇ ਆਊਟਰ ਰਿੰਗ ਰੋਡ ’ਤੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੋਇਆ ਹੈ।
ਦੱਸਣਯੋਗ ਹੈ ਕਿ 26 ਜਨਵਰੀ ਦੇ ਦਿਨ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਪਰੇਡ ’ਤੇ ਫ਼ੈਸਲਾ ਲੈਣ ਦੀ ਪੂਰੀ ਜ਼ਿੰਮੇਵਾਰੀ ਸੁਪਰੀਮ ਕੋਰਟ ਨੇ ਕੱਲ੍ਹ ਦੀ ਸੁਣਵਾਈ ’ਚ ਦਿੱਲੀ ਪੁਲਸ ’ਤੇ ਛੱਡੀ ਹੈ। ਅਦਾਲਤ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ਨੂੰ ਇਜਾਜ਼ਤ ਦੇਣ ਦਾ ਮਾਮਲਾ ਕਾਨੂੰਨ ਵਿਵਸਥਾ ਨਾਲ ਜੁੜਿਆ ਹੈ। ਅਦਾਲਤ ਨੇ ਸਾਫ਼ ਤੌਰ ’ਤੇ ਕਿਹਾ ਸੀ ਕਿ ਦਿੱਲੀ ਵਿਚ ਕਿਸ ਨੂੰ ਐਂਟਰੀ ਦੇਣੀ ਹੈ ਅਤੇ ਕਿਸ ਨੂੰ ਨਹੀਂ, ਇਹ ਤੈਅ ਕਰਨਾ ਪੁਲਸ ਦਾ ਕੰਮ ਹੈ ਨਾ ਕਿ ਅਦਾਲਤ ਦਾ।
News Credit :jagbani(punjabkesari)