Image Courtesy :jagbani(punjabkesari)

ਨਾਭਾ – ਇਥੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਬਾਹਰੀ ਉਮੀਦਵਾਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਵਾਰਡ ਨੰ. 7 ਦੀਆਂ ਬੀਬੀਆਂ ਤੇ ਵੋਟਰਾਂ ਨੇ ਬਠਿੰਡੀਆਂ ਮੁਹੱਲਾ ਵਿਖੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਕਾਂਗਰਸ ਦੀ ਅੰਦਰੂਨੀ ਫੁੱਟ ਉਭਰ ਕੇ ਸਾਹਮਣੇ ਆ ਗਈ ਹੈ। ਮਹਿਲਾ ਕਾਂਗਰਸੀ ਵਰਕਰਾਂ ਬਿਮਲਾ ਦੇਵੀ, ਪੁਸ਼ਪਾ ਰਾਣੀ, ਸੁਸ਼ਮਾ ਰਾਣੀ, ਸੁਮਨ ਰਾਣੀ, ਰੁਪਾਲੀ, ਦਿਵਿਆ, ਜੋਤੀ ਰਾਣੀ, ਪ੍ਰੀਤੀ ਰਾਣੀ, ਵੀਨਾ ਰਾਣੀ, ਪਿੰਕੀ, ਚਿੰਕੀ ਤੇ ਸ਼ਾਂਤੀ ਦੇਵੀ ਨੇ ਕਿਹਾ ਕਿ ਅਸੀਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਕੋਠੀ ਜਾ ਕੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਕਿਹਾ ਸੀ ਕਿ ਅਸੀਂ ਆਪਣੇ ਵਾਰਡ ਤੋਂ ਬਾਹਰੀ ਕਿਸੇ ਵੀ ਉਮੀਦਵਾਰ ਨੂੰ ਇਸ ਵਾਰਡ ਵਿਚ ਦਾਖ਼ਲ ਨਹੀਂ ਹੋਣ ਦਵਾਂਗੇ। ਲੰਬੇ ਅਰਸੇ ਤੋਂ ਕਾਂਗਰਸ ਨੇਤਾ ਮਾਨਟੂ ਪਹੂਜਾ ਸਰਗਰਮੀ ਨਾਲ ਵਾਰਡ ਵਿਚ ਕੰਮ ਕਰ ਰਿਹਾ ਹੈ, ਉਸ ਨੂੰ ਹੀ ਟਿਕਟ ਦਿੱਤੀ ਜਾਵੇ।
ਧਰਮਸੌਤ ਨੇ ਯਕੀਨ ਦਵਾਇਆ ਸੀ ਕਿ ਮਾਨਟੂ ਪਹੂਜਾ ਨੂੰ ਹੀ ਪਹਿਲ ਦਿੱਤੀ ਜਾਵੇਗੀ ਪਰ ਹੁਣ ਕਿਸੇ ਦੇ ਦਬਾਅ ਵਿਚ ਆ ਕੇ ਰਾਣੀ ਬਾਗ ਖੇਤਰ ਦੀ ਇਕ ਮਹਿਲਾ ਨੂੰ ਟਿਕਟ ਦੇ ਕੇ ਦਫ਼ਤਰ ਖੋਲ੍ਹਣ ਲਈ ਕਹਿ ਦਿੱਤਾ ਗਿਆ ਹੈ, ਜਿਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ। ਸਾਰੇ ਘਰਾਂ ਅੱਗੇ ਪੋਸਟਰ ਲਾ ਕੇ ਬਾਹਰੀ ਉਮੀਦਵਾਰ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਕਾ ਵਰਕਰਾਂ ਵੇਦ ਪ੍ਰਕਾਸ਼, ਨੀਰਜ ਕੁਮਾਰ, ਕਰਨੈਲ ਸਿੰਘ, ਓਮ ਪ੍ਰਕਾਸ਼, ਗੋਪਾਲ ਰਾਮ, ਯਸ਼ਪਾਲ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਹਨੀ ਸ਼ਰਮਾ ਤੇ ਸਤਪਾਲ ਨੇ ਰੋਸ ਪ੍ਰਗਟ ਕਰਦਿਆਂ ਅਲਟੀਮੇਟਮ ਦਿੱਤਾ ਕਿ ਜੇਕਰ ਮਾਨਟੂ ਪਹੂਜਾ ਨੂੰ ਟਿਕਟ ਨਾ ਦਿੱਤਾ ਤਾਂ ਅਸੀਂ ਕਾਂਗਰਸ ਤੋਂ ਸਮੂਹਿਕ ਅਸਤੀਫ਼ੇ ਦੇ ਦਿਆਂਗੇ। ਦੂਜੇ ਪਾਸੇ ਸੰਪਰਕ ਕਰਨ ’ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਟਿਕਟਾਂ ਦੀ ਵੰਡ 26 ਜਨਵਰੀ ਤੋਂ ਬਾਅਦ ਹੀ ਹਾਈਕਮਾਂਡ ਕਰੇਗੀ। ਅਸੀਂ ਰਿਪੋਰਟ ਤੇ ਪੈਨਲ ਆਬਜ਼ਰਵਰ ਰਾਹੀਂ ਪ੍ਰਦੇਸ਼ ਕਾਂਗਰਸ ਨੂੰ ਭੇਜ ਦਿੱਤਾ ਹੈ।
News Credit :jagbani(punjabkesari)