ਬ੍ਰਿਸਬੇਨ – ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ‘ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕ੍ਰਿਕਟ ਟੈੱਸਟ ਦੇ ਪੰਜਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਬ੍ਰਿਸਬੇਨ ‘ਚ ਟੈੱਸਟ ਜਿੱਤ ਹਾਸਲ ਕੀਤੀ ਅਤੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤ ਲਿਆ। ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ 97 ਓਵਰ ‘ਚ 7 ਵਿਕਟਾਂ ‘ਤੇ 329 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਸਟਰੇਲੀਆ ਦੀ ਗਾਬਾ ਮੈਦਾਨ ‘ਤੇ ਪਿਛਲੇ 32 ਸਾਲਾਂ ‘ਚ ਇਹ ਪਹਿਲੀ ਹਾਰ ਹੈ ਜਦੋਂਕਿ ਭਾਰਤ ਨੇ ਇੱਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਮਾਰਨਸ ਲਾਬੁਸ਼ੇਨ ਦੀ ਸੈਂਕੜਾ ਪਾਰੀ (108) ਦੀ ਬਦੌਲਤ ਆਸਟਰੇਲੀਆ ਨੇ ਪਹਿਲੀ ਇਨਿੰਗਜ਼ ‘ਚ 369 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵੱਲੋਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ 3-3 ਵਿਕਟਾਂ ਮਿਲੀਆਂ ਜਦੋਂਕਿ ਮੁਹੰਮਦ ਸਿਰਾਜ ਦੇ ਹੱਥ ਇੱਕ ਸਫ਼ਲਤਾ ਲੱਗੀ। ਬੱਲੇਬਾਜ਼ੀ ਦੇ ਲਈ ਉਤਰੀ ਭਾਰਤੀ ਟੀਮ ਨੇ ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਦੀਆਂ 123 ਦੌੜਾਂ ਦੀ ਸਾਂਝੀਦਾਰੀ ਦੀ ਬਦੌਲਤ 336 ਦੌੜਾਂ ਬਣਾਈਆਂ। ਮੁਹੰਮਦ ਸਿਰਾਜ (5) ਅਤੇ ਸ਼ਾਰਦੁਲ ਠਾਕੁਰ (4) ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੂੰ ਦੂਜੀ ਪਾਰੀ ਦੇ ਚੌਥੇ ਦਿਨ 294 ਦੌੜਾਂ ‘ਤੇ ਢੇਰ ਕਰਨ ਦੇ ਬਾਅਦ ਪੰਜਵੇਂ ਦਿਨ ਮੈਚ ਨੂੰ ਆਪਣੇ ਨਾਮ ਕਰ ਲਿਆ।
ਅੰਤ ‘ਚ ਪੰਤ ਅਤੇ ਸੈਣੀ ਭਾਰਤ ਨੂੰ ਜਿੱਤ ਦਿਵਾ ਕੇ ਵਾਪਿਸ ਪਰਤੇ। ਪਹਿਲੀ ਪਾਰੀ ‘ਚ ਬਿਹਤਰੀਨ ਪਾਰੀ ਖੇਡਣ ਵਾਲੇ ਸ਼ਾਰਦੁਲ ਠਾਕੁਰ ਸਿਰਫ਼ 2 ਹੀ ਦੌੜਾਂ ਬਣਾ ਸਕਿਆ ਅਤੇ ਖ਼ਰਾਬ ਸ਼ੌਟ ਕਾਰਨ ਹੇਜ਼ਲਵੁਡ ਦੀ ਗੇਂਦ ‘ਤੇ ਲਾਇਨ ਦੇ ਹੱਥੋਂ ਕੈਚ ਆਊਟ ਹੋ ਕੇ ਵਿਕਟ ਗਵਾ ਦਿੱਤੀ। ਵਾਸ਼ਿੰਗਟਨ ਸੁੰਦਰ ਨੇ ਛੋਟੀ ਪਰ ਸ਼ਾਨਦਾਰ ਪਾਰੀ ਖੇਡਦੇ ਹੋਏ 29 ਗੇਂਦਾਂ ‘ਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਨੇਥਨ ਲਾਇਨ ਹੱਥੋਂ ਬੋਲਡ ਹੋਇਆ। ਮਯੰਕ ਅਗਰਵਾਲ ਇੱਕ ਵਾਰ ਫ਼ਿਰ ਫ਼ਲੌਪ ਸਾਬਿਤ ਹੋਇਆ ਅਤੇ ਸਿਰਫ਼ ਨੌਂ ਦੌੜਾਂ ਬਣਾ ਕੇ ਕਮਿਨਜ਼ ਦੀ ਗੇਂਦ ‘ਤੇ ਵੇਡ ਦੇ ਹੱਥੋਂ ਕੈਚ ਆਊਟ ਹੋ ਗਿਆ। ਪੁਜਾਰਾ ਕਮਿੰਨਜ਼ ਦੀ ਗੇਂਦ ‘ਤੇ LBW ਆਊਟ ਹੋਇਆ। ਉਸ ਨੇ 211 ਗੇਂਦਾਂ ਖੇਡਦੇ ਹੋਏ 7 ਚੌਕੇ ਲਗਾ ਕੇ 56 ਦੌੜਾਂ ਬਣਾਈਆਂ। ਤੀਜੀ ਵਿਕਟ ਕਪਤਾਨ ਅਜਿੰਕਿਆ ਰਹਾਣੇ ਦੀ ਡਿੱਗੀ। ਰਹਾਣੇ ਇਸ ਵਾਰ ਵੀ ਲੰਬੀ ਪਾਰੀ ਨਹੀਂ ਖੇਡ ਸਕਿਆ ਅਤੇ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਸਿਰਫ਼ 24 ਦੌੜਾਂ ਹੀ ਬਣਾ ਸਕਿਆ। ਉਹ ਪੈਟ ਕਮਿਨਜ਼ ਦੀ ਗੇਂਦ ‘ਤੇ ਟਿਮ ਪੇਨ ਦੇ ਹੱਥੋਂ ਕੈਚ ਆਊਟ ਹੋ ਕੇ ਪੈਵਿਲੀਅਨ ਪਰਤਿਆ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿੱਲ ਨੇ ਦੂਜੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਜਦੋਂ ਜੋੜੀ 132 ਦੌੜਾਂ ‘ਤੇ ਟੁੱਟ ਗਈ ਅਤੇ ਗਿੱਲ ਨੇਥਨ ਲਾਇਨ ਦੀ ਗੇਂਦ ‘ਤੇ ਸਟੀਵ ਸਮਿਥ ਦੇ ਹੱਥੋਂ ਕੈਚ ਆਊਟ ਹੋ ਗਿਆ। ਗਿੱਲ ਭਾਵੇਂ ਹੀ ਸੈਂਕੜੇ ਲਗਾਉਣ ਤੋਂ ਰਹਿ ਗਿਆ, ਪਰ ਉਸ ਨੇ 146 ਗੇਂਦਾਂ ‘ਤੇ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।