ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ (BCCI) ਨੇ ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਜਿੱਤ ਦੇ ਨਾਲ ਬਾਰਡਰ-ਗਾਵਸਕਰ ਟਰਾਫ਼ੀ ਬਰਕਰਾਰ ਰੱਖਣ ਲਈ ਪੰਜ ਕਰੋੜ ਰੁਪਏ ਬੋਨਸ ਦੇਣ ਦੀ ਘੋਸ਼ਣ ਕੀਤੀ।
ਭਾਰਤ ਨੇ ਚੌਥੇ ਅਤੇ ਆਖ਼ਰੀ ਟੈੱਸਟ ਮੈਚ ਦੇ ਆਖ਼ਰੀ ਦਿਨ 328 ਦੌੜਾਂ ਦਾ ਟੀਚਾ ਹਾਸਲ ਕਰਕੇ ਬ੍ਰਿਸਬੇਨ ਦੇ ਗਾਬਾ ‘ਚ ਪਿਛਲੇ 32 ਸਾਲ ਤੋਂ ਚੱਲੀ ਆ ਰਹੀ ਆਸਟਰੇਲੀਆਈ ਬਾਦਸ਼ਾਹਤ ਖ਼ਤਮ ਕੀਤੀ। BCCI ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਇਸ ਦੇ ਤੁਰੰਤ ਬਾਅਦ ਟਵੀਟ ਕਰ ਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਬੋਨਸ ਦੀ ਘੋਸ਼ਣਾ ਕੀਤੀ।
ਗਾਂਗੁਲੀ ਨੇ ਟਵੀਟ ਕੀਤਾ, ”ਜ਼ਿਕਰਯੋਗ ਜਿੱਤ। ਆਸਟਰੇਲੀਆ ਜਾ ਕੇ ਇਸ ਤਰ੍ਹਾਂ ਟੈੱਸਟ ਸੀਰੀਜ਼ ‘ਚ ਜਿੱਤ ਦਰਜ ਕਰਨਾ ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਹਮੇਸ਼ਾ ਯਾਦ ਰੱਖੀ ਜਾਵੇਗੀ। BCCI ਨੇ ਭਾਰਤੀ ਟੀਮ ਲਈ ਪੰਜ ਕਰੋੜ ਰੁਪਏ ਬੋਨਸ ਦੀ ਘੋਸ਼ਣਾ ਕੀਤੀ ਹੈ। ਇਹ ਜਿੱਤ ਕਿਸੇ ਵੀ ਸੰਖਿਆ ਤੋਂ ਵੱਧ ਕੇ ਹੈ। ਟੀਮ ਦਾ ਹਰੇਕ ਮੈਂਬਰ ਵਧਾਈ ਦਾ ਪਾਤਰ ਹੈ।” ਸ਼ਾਹ ਨੇ ਉਨ੍ਹਾਂ ਤੋਂ ਠੀਕ ਪਹਿਲਾਂ ਟਵੀਟ ਕੀਤਾ, ”BCCI ਨੇ ਟੀਮ ਲਈ ਬੋਨਸ ਦੇ ਤੌਰ ‘ਤੇ ਪੰਜ ਕਰੌੜ ਰੁਪਏ ਦੇਣ ਦੀ ਘੋਸ਼ਣ ਕੀਤੀ ਹੈ। ਇਹ ਭਾਰਤੀ ਕ੍ਰਿਕਟ ਲਈ ਖ਼ਾਸ ਪਲ ਹੈ। ਟੀਮ ਨੇ ਆਪਣੇ ਜਜ਼ਬੇ ਅਤੇ ਹੁਨਰ ਦਾ ਬੇਜੋੜ ਨਮੂਨਾ ਪੇਸ਼ ਕੀਤਾ।”