ਹਰ ਚੀਜ਼ ਤੁਹਾਡੀ ਮਨ ਮਰਜ਼ੀ ਮੁਤਾਬਿਕ ਨਹੀਂ ਹੋ ਸਕਦੀ। ਇਸ ਦਾ ਇੱਕ ਕਾਰਨ ਇਹ ਹੈ ਕਿ ਤੁਹਾਨੂੰ ਹਮੇਸ਼ਾ ਇਹ ਪਤਾ ਹੀ ਨਹੀਂ ਹੁੰਦਾ ਕਿ ਤੁਹਾਡੀ ਮਰਜ਼ੀ ਆਖ਼ਿਰ ਹੈ ਕੀ। ਪਰ ਫ਼ਿਰ ਕੀ ਸਹੀ ਪ੍ਰਕਾਰ ਦੀ ਸ਼ੰਕਾ ਗ਼ਲਤ ਤਰ੍ਹਾਂ ਦੀ ਨਿਸਚਿਤਤਾ ਤੋਂ ਬਿਹਤਰ ਨਹੀਂ? ਕੁਝ ਲੋਕ ਹਰ ਸ਼ੈਅ ਨੂੰ ਆਪਣੀ ਮਰਜ਼ੀ ਮੁਤਾਬਿਕ ਢਾਲਣ ਲਈ ਇੱਕ ਸੌਖੀ ਜਿਹੀ ਮਨੋਵਿਗਿਆਨਕ ਜੁਗਤ ਅਪਨਾਉਂਦੇ ਹਨ। ਜੋ ਕੁਝ ਵੀ ਹੋ ਰਿਹਾ ਹੁੰਦੈ, ਉਹ ਉਸ ਨੂੰ ਪਸੰਦ ਕਰਨ ਦਾ ਪ੍ਰਣ ਕਰਦੇ ਹਨ, ਇਸ ਹੱਦ ਤਕ ਕਿ ਉਹ ਫ਼ੈਸਲਾ ਕਰ ਲੈਂਦੇ ਹਨ ਕਿ ਇਹੀ ਉਹ ਚੀਜ਼ ਹੈ ਜੋ ਉਨ੍ਹਾਂ ਨੂੰ ਚਾਹੀਦੀ ਹੈ, ਬਗ਼ੈਰ ਇਹ ਪਰਵਾਹ ਕੀਤੇ ਕਿ ਉਹ ਹੈ ਕੀ। ਜੇ ਹੋਰ ਕੁਝ ਨਹੀਂ ਤਾਂ ਤੁਹਾਨੂੰ ਇੰਨਾ ਤਾਂ ਪਤਾ ਹੀ ਹੈ ਕਿ ਉਹ ਕੀ ਹੈ ਜੋ ਤੁਹਾਨੂੰ ਨਹੀਂ ਚਾਹੀਦਾ। ਉਸੇ ਨੂੰ ਆਪਣਾ ਸ਼ੁਰੂਆਤੀ ਮੁੱਦਾ ਬਣਾਓ।

ਰਸਤਾ ਜਦੋਂ ਮੁਸ਼ਕਿਲ ਹੋ ਜਾਵੇ, ਡਾਢਾ ਉੱਥੇ ਵੀ ਆਪਣਾ ਰਾਹ ਬਣਾ ਲੈਂਦੈ। ਜਾਂ ਇਸ ਤਰ੍ਹਾਂ ਲੋਕ ਕਹਿੰਦੇ ਹਨ। ਪਰ ਫ਼ਿਰ ਕਮਜ਼ੋਰਾਂ ਦਾ ਕੀ ਬਣੂ? ਜਦੋਂ ਰਾਹ ਔਕੜਾਂ ਭਰਪੂਰ ਹੋਵੇ ਤਾਂ ਉਹ ਕੀ ਕਰਦੇ ਹਨ? ਉਹ ਹੋਰ ਵੀ ਤੇਜ਼ ਤੁਰਨ ਦੀ ਕੋਸ਼ਿਸ਼ ਕਰਦੇ ਨੇ! ਅਤੇ ਉਹ ਸਖ਼ਤ ਹੋਣ ਦਿਖਾਵਾ ਕਰਦੇ ਨੇ; ਇਸ ਨਾਲ ਉਹ ਚੰਗਾ ਮਹਿਸੂਸ ਕਰਦੇ ਨੇ। ਪਰ ਸਹੀ ਮਾਅਨੇ ‘ਚ ਤਗੜਿਆਂ ਨੂੰ ਪ੍ਰਮਾਣ ਦੀ ਕਾਹਦੀ ਲੋੜ। ਸੱਚਮੁੱਚ, ਕਈ ਵਾਰ, ਜਦੋਂ ਪੰਧ ਬਹੁਤ ਜ਼ਿਆਦਾ ਔਖਾ ਹੋ ਜਾਵੇ ਤਾਂ ਸਭ ਤੋਂ ਕਰੜੇ ਲੋਕ ਕੁਝ ਵੀ ਨਹੀਂ ਕਰਦੇ। ਕੁਝ ਨਾ ਕਰਨਾ ਹੀ ਸ਼ਾਇਦ ਕਰਨ ਵਾਲੀ ਸਭ ਤੋਂ ਵਧੀਆ ਚੀਜ਼ ਹੋਵੇ। ਸ਼ਾਇਦ ਉਨ੍ਹਾਂ ਲਈ ਆਪਣੀ ਅਣਖ ਨੂੰ ਪੀ ਕੇ ਮਦਦ ਮੰਗ ਲੈਣਾ ਹੀ ਮੁਨਾਸਿਬ ਹੋਵੇ। ਸਹੀ ਮਾਅਨੇ ‘ਚ ਸਖ਼ਤਜਾਨ ਲੋਕਾਂ ਲਈ ਇਹ ਕਰਨਾ ਬਹੁਤਾ ਔਖਾ ਨਹੀਂ ਹੁੰਦਾ। ਸੋ ਸਖ਼ਤ ਬਣੋ!

ਚਲੋ ਕਲਪਨਾ ਕਰੀਏ ਕਿ ਲਗਭਗ ਸੌਣ ਦਾ ਟਾਈਮ ਹੋ ਚੁੱਕੈ। ਤੁਸੀਂ ਥੱਕੇ ਹੋਏ ਹੋ ਪਰ ਆਪਣੇ ਆਪ ਨੂੰ ਕਹਿੰਦੇ ਹੋ, ”ਮੈਂ ਕੱਲ੍ਹ ਰਾਤ ਬਹੁਤ ਸ਼ਾਨਦਾਰ ਨੀਂਦ ਸੁੱਤਾ ਸੀ। ਨਿਰਸੰਦੇਹ, ਮੈਨੂੰ ਉਹੀ ਸਾਰਾ ਕਾਰਜ ਦੁਬਾਰਾ ਕਰਨ ਦੀ ਲੋੜ ਨਹੀਂ, ਇੰਨੀ ਜਲਦੀ ਤਾਂ ਬਿਲਕੁਲ ਵੀ ਨਹੀਂ!” ਕਿੰਨਾ ਅਹਿਮਕਾਨਾ ਲੱਗਦਾ ਹੈ ਨਾ ਇਹ ਦੁਹਰਾ? ਨਿਰੰਤਰ ਘੁੰਮਦੀ ਰਹਿੰਦੀ ਪੱਥਰ ਦੀ ਇਸ ਛੋਟੀ ਜਿਹੀ ਵਚਿੱਤਰ ਨੀਲੀ ਗੇਂਦ ‘ਤੇ ਹੋਂਦ ਨੂੰ, ਮਨੁੱਖੀ ਰੂਪ ‘ਚ, ਕਾਇਮ ਰੱਖਣ ਲਈ ਥੋੜ੍ਹੀ-ਬਹੁਤ ਜ਼ਰੂਰੀ, ਪਰ ਮੁਸਲਸਲ, ਦੇਖਭਾਲ ਦੀ ਲੋੜ ਹੁੰਦੀ ਹੈ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਕਰਨੀਆਂ ਪੈਂਦੀਆਂ ਹਨ, ਫ਼ਿਰ ਦੁਬਾਰਾ ਕਰਨੀਆਂ ਪੈਂਦੀਆਂ ਹਨ, ਅਤੇ ਫ਼ਿਰ ਦੁਬਾਰਾ ਕਰਨੀਆਂ ਪੈਂਦੀਆਂ ਹਨ! ਇਸ ਪ੍ਰਕਿਰਿਆ ਦੇ ਇੱਕ ਹਿੱਸੇ ‘ਚ ਸ਼ੁਕਰ ਕਰਨਾ ਵੀ ਸ਼ਾਮਿਲ ਹੈ। ਆਪਣੇ ਦਿਲ ਦੇ ਕਿਸੇ ਕੋਨੇ ‘ਚੋਂ ਆਪਣੀ ਦੁਨੀਆਂ ਵਿਚਲੇ ਉਸ ਸਭ ਲਈ ਇੱਕ ਤਾਜ਼ੀ ਸ਼ੁਕਰਗ਼ੁਜ਼ਾਰੀ ਲੱਭੋ ਜੋ ਇਸ ਵਕਤ ਚੰਗਾ ਚੱਲ ਰਿਹੈ।

ਖ਼ਤਰਾ ਸਾਡੇ ਚਾਰੋਂ ਪਾਸੇ ਮੰਡਰਾ ਰਿਹੈ। ਰਸੋਈ ‘ਚ ਪਈਆਂ ਛੁਰੀਆਂ ਆਸਾਨੀ ਨਾਲ ਸਾਡੀਆਂ ਉਂਗਲਾਂ ਚੀਰ ਸਕਦੀਆਂ ਹਨ। ਦੀਵਾਰਾਂ ‘ਚ ਲੱਗੇ ਇਲੈਕਟ੍ਰੀਕਲ ਸੌਕੇਟ ਛੇਤੀ ਹੀ ਸਾਡੇ ਸ਼ਰੀਰਾਂ ‘ਚ ਬਿਜਲਈ ਕਰੰਟ ਦੀਆਂ ਮਾਰੂ ਤਰੰਗਾਂ ਛੱਡ ਸਕਦੇ ਹਨ। ਅਤੇ ਇਹ ਸਭ ਤਾਂ ਸਾਡੇ ਘਰੋਂ ਨਿਕਲਣ ਤੋਂ ਪਹਿਲਾਂ ਦੀ ਕਹਾਣੀ ਹੈ। ਹੁਣ ਹਰ ਵਾਰ ਜਦੋਂ ਅਸੀਂ ਸੜਕ ਪਾਰ ਕਰਦੇ ਹਾਂ, ਅਸੀਂ ਆਪਣੀਆਂ ਜ਼ਿੰਦਗੀਆਂ ਆਪਣੇ ਹੱਥਾਂ ‘ਚ ਲੈ ਲੈਂਦੇ ਹਾਂ। ਅਸੀਂ ਕਰਦੇ ਹਾਂ ਨਾ ਇੰਝ? ਕਿ ਨਹੀਂ ਕਰਦੇ? ਜਦੋਂ ਕਿ ਸਾਨੂੰ ਹਰ ਸਮੇਂ ਕੁਝ ਹੱਦ ਤਕ ਸਾਵਧਾਨੀ ਵਰਤਣੀ ਜ਼ਰੂਰੀ ਹੈ, ਪਰ ਸੱਚਮੁੱਚ ਸਾਨੂੰ ਲਗਾਤਾਰ ਤਬਾਹੀ ਦੇ ਭੈਅ ‘ਚ ਜੀਣ ਦੀ ਲੋੜ ਨਹੀਂ। ਸੋ ਇਹੀ ਹਾਲ ਤੁਹਾਡੇ ਨਿੱਜੀ ਜੀਵਨ ਵਿਚਲੀ ਸੰਭਾਵੀ ਮਸਲੇ ਦਾ ਹੈ। ਤੁਸੀਂ ਉਸ ਦੀ ਨਿਸ਼ਾਨਦੇਹੀ ਕਰ ਲਈ ਹੈ। ਤੁਸੀਂ ਚੌਕਸੀ ਵਰਤ ਰਹੇ ਹੋ। ਹੁਣ, ਕਿਰਪਾ ਕਰ ਕੇ, ਥੋੜ੍ਹਾ ਧੀਰ ਧਰੋ।

ਅਸੀਂ ਇਹ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਾਡੇ ਲਈ ਕੀ ਚੰਗਾ ਹੈ? ਇੱਕ ਪਲ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ ਕਿ ਫ਼ਲਾਣੀ ਚੀਜ਼ ਖਾਣੀ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ, ਪਰ ਫ਼ਿਰ ਬਾਅਦ ‘ਚ ਸਾਨੂੰ ਪਤਾ ਚਲਦੈ ਕਿ ਉਸ ਸ਼ੈਅ ਨੂੰ ਬਹੁਤ ਜ਼ਿਆਦਾ ਮਾਤਰਾ ‘ਚ ਛਕਣ ਕਾਰਨ ਲੋਕ ਬੀਮਾਰ ਪੈ ਰਹੇ ਹਨ। ਮਾਹਿਰਾਂ ਨੂੰ ਸਲਾਹਾਂ ਅਤੇ ਵਿਚਾਰ ਦੇਣੇ ਬਹੁਤ ਚੰਗੇ ਲਗਦੇ ਨੇ, ਪਰ ਉਨ੍ਹਾਂ ਦਾ ਮਨ ਬਦਲ ਵੀ ਜਾਂਦੈ – ਜਾਂ ਸਿਰਫ਼ ਦੂਸਰੇ ਮਾਹਿਰਾਂ ਨਾਲ ਉਲਝਣ ਲਈ ਉਹ ਆਪਣੀ ਰਾਏ ਬਦਲ ਲੈਂਦੇ ਹਨ। ਕਈ ਵਾਰ, ਅਸੀਂ ਬਹੁਤ ਜ਼ਿਆਦਾ ਸਿਹਤਮੰਦ ਬਣਨ ਦੀ ਬੀਮਾਰ ਜ਼ਹਿਨੀਅਤ ਪਾਲ ਬੈਠਦੇ ਹਾਂ! ਆਪਣੇ ਦਿਲ ‘ਚ, ਤੁਹਾਨੂੰ ਪਹਿਲਾਂ ਤੋਂ ਹੀ ਪਤੈ ਕਿ ਤੁਹਾਡੇ ਲਈ ਕਿਹੜੀ ਸ਼ੈਅ ਚੰਗੀ ਹੋਵੇਗੀ।