ਲੋਕ ਖ਼ੂਬ ਸਾਰੀਆਂ ਮਠਿਆਈਆਂ ਬਾਜ਼ਾਰ ਤੋਂ ਲਿਆਉਂਦੇ ਹਨ ਅਤੇ ਖਾਂਦੇ ਹਨ, ਪਰ ਜੇਕਰ ਤੁਸੀਂ ਕੁਝ ਡਿਫ਼ਰੈਂਟ ਬਣਾਉਣ ਦੀ ਸੋਚ ਰਹੇ ਹੋ ਤਾਂ ਇਸ ਹਫ਼ਤੇ ਅਸੀਂ ਤੁਹਾਨੂੰ ਕਾਜੂ ਪਿਸਤਾ ਰੋਲ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ ‘ਚ ਬੇਹੱਦ ਸੁਆਦ ਹੈ, ਅਤੇ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ
ਪਿਸਤਾ ਡੋਅ ਲਈ
ਪਿਸਤਾ ਪਾਊਡਰ – 3/4 ਕੱਪ
ਖੰਡ ਪਾਊਡਰ – 1/4 ਕੱਪ
ਗ੍ਰੀਨ ਫ਼ੂਡ ਕਲਰ – ਤਿੰਨ ਬੂੰਦਾਂ
ਮਿਲਕ ਪਾਊਡਰ – ਇੱਕ ਚੱਮਚ
ਪਾਣੀ – ਤਿੰਨ ਚੱਮਚ
ਕਾਜੂ ਡੋਅ ਲਈ
ਕਾਜੂ ਪਾਊਡਰ – ਇੱਕ ਕੱਪ
ਖੰਡ ਪਾਊਡਰ – ਅੱਧਾ ਕੱਪ
ਪਾਣੀ – ਅੱਧਾ ਕੱਪ
ਇਲਾਇਚੀ ਪਾਊਡਰ – 1/8 ਚੱਮਚ
ਘਿਓ – ਇੱਕ ਚੱਮਚ
ਚਾਂਦੀ ਦਾ ਵਰਕ – ਇੱਕ (ਗਾਰਨਿਸ਼ਿੰਗ ਲਈ)
ਕੇਸਰ – ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ‘ਚ ਪੌਣਾ ਕੱਪ ਪਿਸਤਾ ਪਾਊਡਰ, ਇੱਕ ਚੌਥਾਈ ਕੱਪ ਖੰਡ ਦਾ ਪਾਊਡਰ ਅਤੇ ਤਿੰਨ ਬੂੰਦਾਂ ਗ੍ਰੀਨ ਫ਼ੂਡ ਕਲਰ ਪਾ ਕੇ ਮਿਕਸ ਕਰ ਲਓ। ਇਸ ਮਿਸ਼ਰਣ ‘ਚ ਤਿੰਨ ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫ਼ਿਰ ਇਸ ਵਿੱਚ ਇੱਕ ਚੱਮਚ ਮਿਲਕ ਪਾਊਡਰ ਪਾ ਕੇ ਸੌਫ਼ਟ ਆਟੇ ਦੀ ਤਰ੍ਹਾਂ ਗੁੰਨ੍ਹ ਲਓ।
ਹੁਣ ਸ਼ੂਗਰ ਸਿਰਪ ਬਣਾਉਣ ਲਈ ਇੱਕ ਪੈਨ ‘ਚ ਖੰਡ ਅਤੇ ਜ਼ਰੂਰਤ ਮੁਤਾਬਿਕ ਪਾਣੀ ਨੂੰ ਪਾ ਕੇ ਓਦੋਂ ਤਕ ਪਕਾਓ ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ। ਇਸ ਵਿੱਚ ਇੱਕ ਕੱਪ ਕਾਜੂ ਪਾਊਡਰ ਅਤੇ ਅੱਧਾ ਕੱਪ ਖੰਡ ਪਾਊਡਰ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫ਼ਿਰ ਇਸ ‘ਚ 1/8 ਚੱਮਚ ਇਲਾਇਚੀ ਪਾਊਡਰ ਅਤੇ ਇੱਕ ਚੱਮਚ ਘਿਓ ਪਾ ਕੇ ਆਟੇ ਦੀ ਤਰ੍ਹਾਂ ਹੋਣ ਤਕ ਪਕਾਓ। ਕਾਜੂ ਡੋਅ ਪਕਾਉਣ ਦੇ ਬਾਅਦ ਇਸ ਨੂੰ ਬਟਰ ਪੇਪਰ ਨੂੰ ਗ੍ਰੀਜ਼ਿੰਗ ਕਰ ਕੇ ਉਸ ‘ਤੇ ਰੱਖੋ। ਫ਼ਿਰ ਆਪਣੇ ਹੱਥਾਂ ‘ਤੇ ਘਿਉ ਲਗਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਓ।
ਫ਼ਿਰ ਇਸ ਨੂੰ ਰੋਟੀ ਦੀ ਤਰ੍ਹਾਂ ਪਤਲਾ ਕਰ ਕੇ ਵਿੱਚੋਂ ਕੱਟ ਲਓ। ਫ਼ਿਰ ਹੌਲੀ-ਹੌਲੀ ਪਿਸਤਾ ਪੇਸਟ ਨੂੰ ਰੋਲ ਕਰ ਕੇ ਕਾਜੂ ਡੋਅ ‘ਚ ਲਪੇਟਣਾ ਸ਼ੁਰੂ ਕਰ ਦਿਓ। ਰੋਲ ਕਰਨ ਦੇ ਬਾਅਦ ਇਸ ਨੂੰ ਸਾਈਡਾਂ ਤੋਂ ਬਰਾਬਰ ਕਰ ਕੇ ਦੋ ਇੰਚ ਦੇ ਹਿੱਸਿਆਂ ‘ਚ ਕੱਟਦੇ ਜਾਓ। ਤੁਹਾਡੇ ਕਾਜੂ-ਪਿਸਤਾ ਰੋਲ ਬਣ ਕੇ ਤਿਆਰ ਹਨ। ਇਨ੍ਹਾਂ ਨੂੰ ਸਰਵ ਕਰੋ।