ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ ‘ਚ ਹਰ ਵਰਗ ਦੇ ਲੋਕ ਖੜ੍ਹੇ ਹੋ ਗਏ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਕਿਸਾਨਾਂ ਦੇ ਹੱਕ ‘ਚ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।
ਨਵਜੋਤ ਸਿੱਧੂ ਨੇ ਟਵੀਟ ਕਰਕੇ ਲਿਖਿਆ ਹੈ ਕਿ ਤੁਸੀਂ ਬਿਜ਼ਨੈੱਸ ਦੇ ਆਧਾਰ ‘ਤੇ ਪੂਰੀ ਤਰ੍ਹਾਂ ਨਾਲ ਸਰਕਾਰ ਨਹੀਂ ਚਲਾ ਸਕਦੇ, ਸਰਕਾਰ ਨੂੰ ਇਨਸਾਨੀ ਭਾਵਨਾ ਰੱਖਣੀ ਚਾਹੀਦੀ ਹੈ, ਉਸ ਕੋਲ ਦਿਲ ਹੋਣਾ ਚਾਹੀਦਾ ਹੈ। ਉੱਥੇ ਹੀ ਆਪਣੇ ਇਕ ਹੋਰ ਟਵੀਟ ‘ਚ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਤੋਂ ਨਹੀਂ, ਸਗੋਂ ਸਰਕਾਰਾਂ ਨੂੰ ਲੋਕਾਂ ਤੋਂ ਡਰਨਾ ਚਾਹੀਦਾ ਹੈ।
ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ
ਦੱਸਣਯੋਗ ਹੈ ਕਿ ਕਿਸਾਨਾਂ ਦੇ ਨਾਲ 10ਵੇਂ ਦੌਰ ਦੀ ਗੱਲਬਾਤ ਦੌਰਾਨ ਕੇਂਦਰ ਸਰਕਾਰ ਨੇ ਆਪਣਾ ਰਵੱਈਆ ਕੁੱਝ ਨਰਮ ਕੀਤਾ ਹੈ। ਸਰਕਾਰ ਡੇਢ ਸਾਲ ਤੱਕ ਖੇਤੀ ਕਾਨੂੰਨ ਲਾਗੂ ਨਾ ਕਰਨ ਲਈ ਤਿਆਰ ਹੋ ਗਈ ਹੈ। ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਇਸ ਗੱਲ ਲਈ ਹਲਫ਼ਨਾਮਾ ਵੀ ਅਦਾਲਤ ‘ਚ ਪੇਸ਼ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਕੇਂਦਰ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ‘ਤੇ ਗੱਲਬਾਤ ਲਈ ਨਵੀਂ ਕਮੇਟੀ ਦਾ ਗਠਨ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਕਮੇਟੀ ਆਪਣੀ ਜੋ ਰਾਏ ਦੇਵੇਗੀ, ਉਸ ਤੋਂ ਬਾਅਦ ਐਮ. ਐਸ. ਪੀ. ਨੂੰ ਲੈ ਕੈ ਕਾਨੂੰਨਾਂ ‘ਤੇ ਫ਼ੈਸਲਾ ਲਿਆ ਜਾਵੇਗਾ। ਕਿਸਾਨਾਂ ਅਤੇ ਸਰਕਾਰ ਵਿਚਕਾਰ ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ ਅਤੇ ਕਿਸਾਨ ਇਸੇ ਬੈਠਕ ‘ਚ ਸਰਕਾਰ ਦੇ ਪ੍ਰਸਤਾਵਾਂ ‘ਤੇ ਆਪਣਾ ਜਵਾਬ ਦੇਣਗੇ।