ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ ‘ਚ ਵੀ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ ‘ਤੇ ਡਟਿਆ ਹੋਇਆ ਹੈ। ਪੰਜਾਬੀ ਕਲਾਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਕਲਾਕਾਰ ਸੋਸ਼ਲ ਮੀਡੀਆ ਤੇ ਗੀਤਾਂ ਰਾਹੀਂ ਕਿਸਾਨਾਂ ਦੇ ਹੌਂਸਲੇ ਬੁਲੰਦ ਕਰ ਰਹੇ ਹਨ। ਹਾਲ ਹੀ ‘ਚ ਗਾਇਕ ਰਣਜੀਤ ਬਾਵਾ ਵੀ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਰਣਜੀਤ ਬਾਵਾ ਨੇ ਆਪਣੇ ਯੂਟਿਊਬ ਚੈਨਲ ‘ਤੇ 21ਵੀਂ ਸਦੀ ਟਾਈਟਲ ਹੇਠ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ ਜਿਸ ਦੀ ਸੰਗੀਤਕ ਧੁੰਨ ਨੂੰ ਐਮ. ਵੀ ਨੇ ਸ਼ਿੰਗਾਰਿਆ ਹੈ। ਰਣਜੀਤ ਬਾਵਾ ਨੇ ਆਪਣੇ ਇਸ ਗੀਤ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਦੇ ਬੋਲ ਜਿੰਨੇ ਸੋਹਣੇ ਬੋਲ ਲਵਲੀ ਨੂਰ ਨੇ ਲਿਖੇ ਨੇ ਉਸ ਤੋਂ ਵੱਧ ਖ਼ੂਬਸੂਰਤੀ ਨਾਲ ਰਣਜੀਤ ਬਾਵਾ ਨੇ ਇਸ ਗੀਤ ਨੂੰ ਗਾਇਆ ਹੈ।
ਖੇਤੀ ਕਾਨੂੰਨਾਂ ਨੇ ਇੱਕੋ ਮੰਚ ‘ਤੇ ਇੱਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ ‘ਚ ਇੱਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰ ਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ ‘ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ ‘ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ‘ਚ ਰੋਜਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ ‘ਚ ਵਿਵਾਦ ਸੀ, ਉਹ ਕਲਾਕਾਰ ਵੀ ਇੱਕ ਮੰਚ ‘ਤੇ ਇੱਕੱਠੇ ਹੋ ਰਹੇ ਹਨ ਅਤੇ ਕਿਸਾਨਾਂ ਦੇ ਹੱਕ ‘ਚ ਆਵਾਜ ਬੁਲੰਦ ਕਰ ਰਹੇ ਹਨ।
ਗੀਤਾਂ ‘ਚ ਵੀ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ ‘ਚ ਹੀ ਘੱਟ ਬਜਟ ‘ਚ ਮੋਬਾਇਲਾਂ ‘ਤੇ ਗੀਤ ਬਣਾ ਕੇ ਰਿਲੀਜ ਕੀਤੇ ਉਥੇ ਕਿਸਾਨ ਅੰਦੋਲਨ ‘ਤੇ ਹੁਣ ਤਕ ਸੈਂਕੜੇ ਦੀ ਗਿਣਤੀ ‘ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ ਸਗੋਂ ਸਮਾਂ ਆਉਣ ‘ਤੇ ਹੱਕ-ਸੱਚ ਦੀ ਆਵਾਜ ਬੁਲੰਦ ਕਰਨ ‘ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ, ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗ਼ਲਤ ਸਾਬਿਤ ਕਰ ਦਿਖਾਇਆ ਹੈ।