ਭਾਰਤ ਦੀ NIA ਨੇ 17 ਜਨਵਰੀ ਨੂੰ ਦੀਪ ਸਿੱਧੂ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਦੀਪ ਸਿੱਧੂ ਦੇ ਭਰਾ ਮਨਦੀਪ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਦੀਪ ਸਿੱਧੂ ਨੇ ਇਸ ਪੂਰੇ ਮਾਮਲੇ ਨੂੰ ਸਰਕਾਰ ਦੀ ਚਾਲ ਦੱਸਿਆ ਹੈ। ਦੀਪ ਸਿੱਧੂ ‘ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਅਤੇ ਕਿਹਾ ਜਾ ਰਿਹਾ ਹੈ ਕਿ ਦੀਪ ਨੂੰ ਵਿਦੇਸ਼ਾਂ ਤੋਂ ਫ਼ੰਡਿੰਗ ਆਉਂਦੀ ਹੈ, ਪਰ ਦੀਪ ਸਿੱਧੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਭ ਸਰਕਾਰ ਦੀਆਂ ਚਾਲਾਂ ਹਨ। ਇਹ ਕਿਸਾਨਾਂ ਦੇ ਮੋਰਚੇ ਨੂੰ ਠੰਡਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸੰਮਨ ਅੰਦੋਲਨ ਦੇ ਮੋਹਰੀ ਬੰਦਿਆਂ ਨੂੰ ਹੀ ਭੇਜੇ ਗਏ ਹਨ।
ਅਸੀਂ ਸਾਰੇ ਪਹਿਲਾਂ ਇਸ ‘ਤੇ ਮੀਟਿੰਗ ਕਰਾਂਗੇ ਫ਼ਿਰ ਸਰਕਾਰ ਨੂੰ ਜਵਾਬ ਦਿਵਾਂਗੇ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਮੈਨੂੰ ਵਿਦੇਸ਼ਾਂ ਤੋਂ ਫ਼ੰਡਿੰਗ ਆਉਂਦੀ ਹੈ, ਪਰ ਮੈਂ ਕਹਿੰਦਾ ਹਾਂ ਕਿ ਮੈਨੂੰ ਛੱਡੋ ਮੇਰੇ ਪਰਿਵਾਰ, ਰਿਸ਼ਤੇਦਾਰ ਅਤੇ ਕਰੀਬੀ ਦੋਸਤਾਂ ਦੇ ਖ਼ਾਤਿਆਂ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੰਡਿੰਗ ਨਹੀਂ ਆਉਂਦੀ। ਪਰਿਵਾਰ ਨਾਲ ਸਾਡੇ ਜਜ਼ਬਾਤ ਜੁੜੇ ਹੁੰਦੇ ਹਨ, ਇਸ ਕਰ ਕੇ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ।