ਬਠਿੰਡਾ 15 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੀ ਗਰਮੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਅਕਾਲੀ ਵਰਕਰਾਂ ’ਚ ਜੋਸ਼ ਭਰਨ ਖਾਤਰ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇੱਥੇ ਪਹੁੰਚੇ। ਜਿਨ੍ਹਾਂ ਵਰਕਰਾਂ ਨੂੰ ਕਿਹਾ ਕਿ ਕਾਂਗਰਸ ਦੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਸਮਾਂ ਆਉਣ ’ਤੇ ਗਿਣ-ਗਿਣ ਬਦਲੇ ਲਏ ਜਾਣਗੇ।
ਅੱਜ ਇਥੇ ਬਾਦਲ ਨੇ ਮਹਾਂਨਗਰ ਦੇ 50 ਵਾਰਡਾਂ ਦੇ ਉਮੀਦਵਾਰ, ਸਰਗਰਮ ਵਰਕਰਾਂ ਅਤੇ ਜ਼ਿਲੇ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ। ਵਰਕਰਾਂ ਨੇ ਮੀਟਿੰਗ ’ਚ ਦੱਸਿਆ ਕਿ ਕਾਂਗਰਸੀ ਲੀਡਰ ਅਕਾਲੀ ਦਲ ਦੇ ਵਰਕਰਾਂ ਤੇ ਉਮੀਦਵਾਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੇ ਹਨ, ਜੇਕਰ ਕੋਈ ਪੈਸੇ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸਦੀ ਕਿਸੇ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਹੈ। ਜੇਕਰ ਫਿਰ ਵੀ ਪ੍ਰਮੁੱਖ ਵਰਕਰ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਤਾਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵਰਕਰਾਂ ਦਾ ਕਹਿਣ ਸੀ ਕਿ ਡਰ ਬਣਿਆ ਹੋਇਆ ਹੈ ਕਿ ਕਾਂਗਰਸ ਚੋਣਾਂ ’ਚ ਧੱਕੇਸ਼ਾਹੀ ਕਰ ਸਕਦੀ ਹੈ।
ਬਾਦਲ ਨੇ ਵਰਕਰਾਂ ਨੂੰ ਹੌਂਸਲਾ ਦਿੱਤਾ ਕਿ ਉਹ ਬਿਲਕੁਲ ਵੀ ਪ੍ਰਵਾਹ ਨਾ ਕਰਨ। ਉਨ੍ਹਾਂ ਕੋਲ ਖੁਫੀਆ ਰਿਪੋਰਟ ਹੈ ਕਿ ਆਮ ਲੋਕ ਕਾਂਗਰਸ ਤੋਂ ਦੁਖੀ ਹਨ ਪਰ ਡਰ ਕਾਰਨ ਕੋਈ ਵਿਰੋਧ ਨਹੀਂ ਕਰ ਰਿਹਾ। ਹਵਾ ਅਕਾਲੀ ਦਲ ਦੇ ਹੱਕ ’ਚ ਚੱਲ ਰਹੀ ਹੈ। ਅਕਾਲੀ ਦਲ 50 ਦੇ 50 ਵਾਰਡਾਂ ’ਚ ਜਿੱਤ ਹਾਸਲ ਕਰੇਗੀ। ਫਿਰ ਕੋਈ ਸ਼ੱਕ ਨਹੀਂ ਕਿ ਅਗਲੀ ਵਾਰ ਵੀ ਅਕਾਲੀ ਦਲ ਦਾ ਹੀ ਮੇਅਰ ਬਣੇਗਾ।
ਇਸ ਦੌਰਾਨ ਸਰੂਪ ਸਿੰਗਲਾ ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸ ਸੱਚਮੁੱਚ ਧੱਕੇਸ਼ਾਹੀ ’ਤੇ ਉੱਤਰ ਆਈ ਹੈ। ਅਕਾਲੀ ਵਰਕਰਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।