ਚੰਦਨਨਗਰ- ਪੱਛਮੀ ਬੰਗਾਲ ‘ਚ ਭਾਜਪਾ ਦੇ ਹੁਗਲੀ ਜ਼ਿਲ੍ਹਾ ਦੀ ਯੂਥ ਇਕਾਈ ਦੇ ਪ੍ਰਧਾਨ ਸੁਰੇਸ਼ ਸਾਹੂ ਸਮੇਤ ਤਿੰਨ ਵਰਕਰਾਂ ਨੂੰ ਪਾਰਟੀ ਦੇ ਨੇਤਾ ਸੁਵੇਂਦੁ ਅਧਿਕਾਰੀ ਦੇ ਰੋਡ ਸ਼ੋਅ ਦੌਰਾਨ ‘ਗੋਲੀ ਮਾਰੋ…’ ਦੇ ਅਪਮਾਨਜਨਕ ਨਾਅਰੇ ਲਗਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਸ ਬਾਰੇ ਦੱਸਿਆ। ਇਕ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਦੇ ਕੁਝ ਵਰਕਰਾਂ ਨੇ ਬੁੱਧਵਾਰ ਨੂੰ ਹੁਗਲੀ ਜ਼ਿਲ੍ਹਾ ‘ਚ ਪਾਰਟੀ ਦੇ ਪ੍ਰੋਗਰਾਮ ‘ਚ ਇਸ ਤਰਾਂ ਦੀ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਇਕ ਮਾਮਲਾ ਦਰਜ ਕੀਤਾ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਲੋਕਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਹੁਗਲੀ ਦੀ ਸੰਸਦ ਮੈਂਬਰ ਲਾਕੇਸ਼ ਚੈਟਰਜੀ ਅਤੇ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਨਾਲ ਸੁਵੇਂਦੁ ਅਧਿਕਾਰੀ ਦੇ ਰਥਾਲਾ ਇਲਾਕੇ ‘ਚ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਟਰੱਕ ਦੇ ਪਿੱਛੇ ਚੱਲ ਰਹੇ ਵਰਕਰਾਂ ਨੇ ਭਾਜਪਾ ਦਾ ਝੰਡਾ ਅਤੇ ਤਿਰੰਗਾ ਫੜਿਆ ਸੀ। ਭਾਜਪਾ ਬੁਲਾਰੇ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਭਾਜਪਾ ਦਾ ਝੰਡਾ ਹੱਥਾਂ ‘ਚ ਫੜ ਕੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੇ ਜਾਣ ਦਾ ਪਾਰਟੀ ਸਮਰਥਨ ਨਹੀਂ ਕਰਦੀ ਹੈ।