ਬ੍ਰਿਸਬੇਨ – ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੀ ਬੱਲੇਬਾਜ਼ੀ ਨਾਲ ਹੁਣ ਤਕ ਕਾਫ਼ੀ ਪ੍ਰਭਾਵਿਤ ਕੀਤਾ ਹੈ। ਆਸਟਰੇਲੀਆ ਦੌਰੇ ‘ਤੇ ਟੈੱਸਟ ਕ੍ਰਿਕਟ ‘ਚ ਡੈਬਿਊ ਕਰਣ ਵਾਲੇ ਗਿੱਲ ਨੇ ਬ੍ਰਿਸਬੇਨ ਟੈੱਸਟ ਦੇ ਆਖ਼ਰੀ ਦਿਨ ਅਰਧ ਸੈਂਕੜਾ ਜੜ ਕੇ ਸੁਨੀਲ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਭ ਤੋਂ ਘੱਟ ਉਮਰ ‘ਚ ਗਿੱਲ ਭਾਰਤ ਵਲੋਂ ਟੈੱਸਟ ਕ੍ਰਿਕਟ ‘ਚ ਚੌਥੀ ਪਾਰੀ ‘ਚ 50 ਤੋਂ ਵੱਧ ਦੌੜਾਂ ਦਾ ਸਕੋਰ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ, ਅਤੇ ਉਸ ਨੇ ਇਸ ਮਾਮਲੇ ‘ਚ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਨੇ 21 ਸਾਲ ਅਤੇ 133 ਦਿਨ ਦੀ ਉਮਰ ‘ਚ ਇਹ ਕਾਰਨਾਮਾ ਕੀਤਾ। ਸ਼ੁਭਮਨ 91 ਮਹੱਤਵਪੂਰਣ ਦੌੜਾ ਬਣਾ ਕੇ ਆਊਟ ਹੋਇਆ ਅਤੇ ਸੈਂਕੜੇ ਵਾਲੇ ਰਿਕਾਰਡ ਤੋਂ ਕੇਵਲ 9 ਦੋੜਾਂ ਨਾਲ ਪਿੱਛੇ ਰਹਿ ਗਿਆ।
ਉਥੇ ਹੀ ਗੱਲ ਜੇਕਰ ਗਾਵਸਕਰ ਦੀ ਕਰੀਏ ਤਾਂ ਉਸ ਨੇ 21 ਸਾਲ ਅਤੇ 243 ਦਿਨਾਂ ਦੀ ਉਮਰ ‘ਚ ਅਜਿਹਾ ਕੀਤਾ ਸੀ। ਗਾਵਸਕਰ ਨੇ 1970-71 ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਪੋਰਟ ਔਫ਼ ਸਪੇਨ ‘ਚ ਖੇਡੇ ਗਏ ਆਪਣੇ ਪਹਿਲੇ ਹੀ ਟੈੱਸਟ (ਡੈਬਿਊ) ਮੈਚ ਦੀ ਚੌਥੀ ਪਾਰੀ ‘ਚ ਨੌਟ-ਆਊਟ 67 ਦੌੜਾਂ ਦੀ ਪਾਰੀ ਖੇਡੀ ਸੀ। ਗਿੱਲ ਦਾ ਇਹ ਤੀਜਾ ਟੈੱਸਟ ਮੈਚ ਹੈ, ਇਸ ਦੇ ਨਾਲ ਹੀ ਉਸ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਧ ਟੈੱਸਟ ਸਕੋਰ ਵੀ ਇਸ ਪਾਰੀ ‘ਚ ਪਾਰ ਕਰ ਲਿਆ। ਗਿੱਲ ਨੇ ਇਸ ਤੋਂ ਪਹਿਲਾਂ ਇਸੇ ਦੌਰੇ ‘ਤੇ 50 ਦੌੜਾਂ ਦੀ ਪਾਰੀ ਖੇਡੀ ਸੀ। ਇਸ ਵਾਰ ਉਸ ਨੇ 50 ਤੋਂ ਵੱਧ ਰਨ ਬਣਾਏ।
ਮੈਚ ਦੀ ਗੱਲ ਕਰੀਏ ਤਾਂ ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 369 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਨੇ ਪਹਿਲੀ ਪਾਰੀ ‘ਚ 336 ਦੌੜਾਂ ਬਣਾਈਆਂ। 33 ਦੌੜਾਂ ਦੀ ਬੜ੍ਹਤ ਨਾਲ ਆਸਟਰੇਲੀਆ ਦੀ ਦੂਜੀ ਪਾਰੀ 294 ਦੌੜਾਂ ‘ਤੇ ਸਿਮਟ ਗਈ ਅਤੇ ਇਸ ਤਰ੍ਹਾਂ ਭਾਰ ਨੂੰ ਜਿੱਤ ਲਈ 328 ਦਾ ਟੀਚਾ ਮਿਲਿਆ।