ਅੰਮ੍ਰਿਤਸਰ : ਅੰਮ੍ਰਿਤਸਰ ਦੇ ਕਾਲਜਾਂ ’ਚ ਆਫਲਾਈਨ ਕਲਾਸਾਂ ਸ਼ੁਰੂ ਹੋਣ ਨਾਲ ਜਿੱਥੇ ਸਾਰੇ ਕਾਲਜਾਂ ’ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਹੀ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਆਪਣੇ ਸਾਥੀਆਂ ਨੂੰ ਮਿਲਣ ਦੀ ਖੁਸ਼ੀ ਵੀ ਝਲਕਦੀ ਨਜ਼ਰ ਆ ਰਹੀ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਕਾਲਜ ਖ਼ੁੱਲ੍ਹਣ ’ਤੇ ‘ਜਗ ਬਾਣੀ’ ਦੀ ਟੀਮ ਨੇ ਜਦੋਂ ਖਾਲਸਾ ਕਾਲਜ ਕੈਂਪਸ ਦਾ ਦੌਰਾ ਕੀਤਾ ਤਾਂ ਕੁਝ ਵਿਦਿਆਰਥੀਆਂ ਗਰੁੱਪਾਂ ’ਚ ਸੈਲਫ਼ੀਆਂ ਲੈ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ।
ਇਸ ਮੌਕੇ ਕਈ ਵਿਦਿਆਰਥੀ ਆਪਣੇ ਦੋਸਤਾਂ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਨਾਲ ਕਨਟੀਨਾਂ ’ਚ ਬੈਠਕੇ ਚਾਹ ਦੀਆਂ ਚੁਸਕੀਆਂ ਲੈਂਦੇ ਨਜ਼ਰ ਆਏ। ਕਾਲਜ ਖੁੱਲ੍ਹ ਜਾਣ ਨਾਲ ਜਮਾਤਾਂ ’ਚ ਵੀ ਵਿਦਿਆਰਥੀਆਂ ਦੀ ਗਿਣਤੀ ਪੂਰੀ ਦੇਖਣ ਨੂੰ ਮਿਲੀ, ਜਿਸ ਕਾਰਣ ਅਧਿਆਪਕ ਵੀ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਵਿਦਿਆਰਥਣ ਮਨਪ੍ਰੀਤ ਕੌਰ, ਹਿਮਾਨੀ ਅਤੇ ਗੁਰਪ੍ਰੀਤ ਨੇ ਕਿਹਾ ਕਿ ਅੱਜ ਦਿਨ ਉਨ੍ਹਾਂ ਲਈ ਕਿਸੇ ਵੱਡੇ ਤਿਉਹਾਰ ਵਾਂਗ ਹੈ, ਕਿਉਂਕਿ ਇਕ ਸਾਲ ਬਾਅਦ ਅੱਜ ਫਿਰ ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ।