ਡੇਰਾਬੱਸੀ – ਪੰਛੀਆਂ ਦੀ ਮੌਤ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਭੇਜੇ ਗਏ ਟਿਸ਼ੂ ਦੇ ਨਮੂਨਿਆਂ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਿਟੀ ਐਨੀਮਲ ਡੀ. ਸੀਜ਼ (ਐੱਨ. ਆਈ. ਐੱਚ. ਐੱਸ. ਏ. ਡੀ.) ਭੋਪਾਲ ਨੇ ਬਰਡ ਫਲੂ ਦੀ ਪੁਸ਼ਟੀ ਕਰ ਦਿੱਤੀ ਹੈ। ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਦਾ ਮੁੱਖ ਤਰੀਕਾ ਪ੍ਰਭਾਵਿਤ ਪੰਛੀਆਂ ਦੀ ਕਾਲਿੰਗ ਕਰਨਾ ਹੈ। ਕਾਲਿੰਗ ਕਰਨ ਦੀ ਪ੍ਰਕਿਰਿਆ 22 ਜਨਵਰੀ ਨੂੰ ਡੇਰਾਬੱਸੀ ਦੇ ਦੋ ਪ੍ਰਭਾਵਿਤ ਪੋਲਟਰੀ ਫਾਰਮਾਂ ਵਿਚ ਸ਼ੁਰੂ ਕੀਤੀ ਜਾਵੇਗੀ। ਪੰਜ ਮੈਂਬਰਾਂ ਵਾਲੀਆਂ 25 ਟੀਮਾਂ ਡੇਰਾਬੱਸੀ ਦੇ ਅਲਫਾ ਅਤੇ ਰਾਇਲ ਪੋਲਟਰੀ ਫਾਰਮਾਂ ਵਿਚ ਜਾਨਵਰਾਂ/ਪੰਛੀਆਂ ਦੀ ਕਾਲਿੰਗ ਕਰਨ ਦੀ ਸ਼ੁਰੂਆਤ ਕਰਨਗੀਆਂ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪ੍ਰਭਾਵਿਤ ਖੇਤਰਾਂ ਵਿਚ 50,000 ਤੋਂ ਵੱਧ ਪੰਛੀਆਂ ਦੀ ਕਾਲਿੰਗ ਕਰਨ ਦੀ ਸੰਭਾਵਨਾ ਹੈ। ਲੋੜੀਂਦੇ ਸੁਰੱਖਿਆ ਉਪਕਰਣਾਂ ਸਮੇਤ ਪੀ. ਪੀ. ਈ. ਕਿੱਟਾਂ ਅਤੇ ਫੇਸ ਸੀਲਡਾਂ ਦੇ ਨਾਲ-ਨਾਲ ਜੇ. ਸੀ. ਬੀ. ਮਸ਼ੀਨਾਂ ਕਾਲਿੰਗ ਟੀਮਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਕੁਆਰੰਟੀਨ ਸਬੰਧੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਪੋਲਟਰੀ ਪਾਲਣ ਸਬੰਧੀ ਕਿਸੇ ਕਿਸਮ ਦੀ ਵਪਾਰਕ ਗਤੀਵਿਧੀ ’ਤੇ ਨਿਗ੍ਹਾ ਰੱਖਣ ਲਈ ਪ੍ਰਭਾਵਿਤ ਖੇਤਰ ਦੇ 10 ਕਿਲੋਮੀਟਰ ਦੇ ਇਲਾਕੇ ਨੂੰ ਕੰਟੇਨਮੈਂਟ ਖੇਤਰ ਬਣਾਇਆ ਗਿਆ ਹੈ।
ਜ਼ਿਲ੍ਹੇ ਵਿਚ ਪੰਛੀਆਂ (ਕਾਂ/ਪ੍ਰਵਾਸੀ ਪੰਛੀ/ਜੰਗਲੀ ਪੰਛੀਆਂ) ਦੀ ਮੌਤ ’ਤੇ ਨਜ਼ਰ ਰੱਖਣ ਲਈ ਦੋ ਰੈਪਿਡ ਰਿਸਪਾਂਸ ਟੀਮਾਂ (ਆਰ. ਆਰ. ਟੀਜ਼) ਵੀ ਤਾਇਨਾਤ ਕੀਤੀਆਂ ਗਈਆਂ ਹਨ। ਨਿਗਰਾਨੀ ਜਾਰੀ ਹੈ ਅਤੇ ਸੈਂਪਲਿੰਗ ਵਿਚ ਵਾਧਾ ਕੀਤਾ ਗਿਆ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਏਵੀਅਨ ਇਨਫਲੂਐਂਜਾ ਵਿਚ ਸ਼ਾਮਲ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲ ਸਕਦਾ ਹੈ। ਇਸ ਲਈ ਮਨੁੱਖਾਂ ਵਿਚ ਇਸ ਦੀ ਲਾਗ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਪੋਲਟਰੀ ਫਾਰਮਾਂ ਵਿਚ ਪੰਛੀਆਂ ਨੂੰ ਸੰਭਾਲਣ ਵਾਲੇ ਵਿਅਕਤੀਆਂ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਜਾਵੇਗੀ।