ਡੇਰਾਬੱਸੀ : ਡੇਰਾਬੱਸੀ ਵਿਖੇ ਪਿੰਡ ਬੇਹੜਾ ਦੇ ਦੋ ਪੋਲਟਰੀ ਫ਼ਾਰਮਾਂ ‘ਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਮੁਰਗੀਆਂ ਨੂੰ ਮਾਰਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪਹਿਲੇ ਦਿਨ ਦੋ ਸਿਫ਼ਟਾਂ ‘ਚ 8 ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰ ਕੇ ਉਨ੍ਹਾਂ ਨੂੰ ਪੋਲਟਰੀ ਫ਼ਾਰਮ ਦੇ ਇਕ ਪਾਸੇ ਦਫ਼ਨਾ ਦਿੱਤਾ ਗਿਆ। ਪਸ਼ੂ ਪਾਲਣ ਮਹਿਕਮੇ ਦੀ ਅਗਵਾਈ ‘ਚ ਸ਼ੁਰੂ ਕੀਤੀ ਗਈ ਇਸ ਕਾਰਵਾਈ ਨੂੰ 25 ਟੀਮਾਂ ਨੇ ਦੋ ਸ਼ਿਫਟਾਂ ‘ਚ ਅੰਜਾਮ ਦਿੱਤਾ।
ਰਾਇਲ ਅਤੇ ਅਲਫ਼ਾ ਨਾਮਕ ਦੋ ਪੋਲਟਰੀ ਫ਼ਾਰਮਾਂ ‘ਚ ਮੁਰਗੀਆਂ ਨੂੰ ਮਾਰਨ ਦੀ ਪ੍ਰਕਿਰਿਆ ਤਹਿਤ ਇੱਥੇ ਜੀਵਤ ਅਤੇ ਮ੍ਰਿਤਕ ਮੁਰਗੀਆਂ ਤੋਂ ਇਲਾਵਾ ਪੋਲਟਰੀ ਪਦਾਰਥਾਂ ਦੇ ਰੂਪ ‘ਚ ਤਮਾਮ ਅੰਡੇ ਵੀ ਨਸ਼ਟ ਕਰ ਦਿੱਤੇ ਜਾਣਗੇ। ਇੰਨਾ ਹੀ ਨਹੀਂ, ਉੱਥੇ ਦਾ ਪਾਣੀ, ਮੁਰਗੀਆਂ ਦੇ ਲਈ ਦਾਣਾ, ਵੇਸਟ ਵੀ ਨਸ਼ਟ ਕੀਤਾ ਜਾਵੇਗਾ। ਮਹਿਕਮੇ ਵੱਲੋਂ ਦੋਵੇਂ ਪੋਲਟਰੀ ਫ਼ਾਰਮਾਂ ਨੂੰ ਕੇਂਦਰ ਦੇ ਅਗਲੇ ਨਿਰਦੇਸ਼ਾਂ ਤੱਕ ਸੀਲ ਕੀਤਾ ਜਾਵੇਗਾ।
ਪੋਲਟਰੀ ਫ਼ਾਰਮਾਂ ‘ਚ 56000 ਤੋਂ ਵੱਧ ਮੁਰਗੀਆਂ ਹਨ, ਜਿਨ੍ਹਾਂ ਨੂੰ ਮਾਰਨ ‘ਚ ਅਜੇ ਚਾਰ ਤੋਂ ਪੰਜ ਦਿਨ ਹੋਰ ਲੱਗ ਸਕਦੇ ਹਨ। ਪਸ਼ੂ ਪਾਲਣ ਮਹਿਕਮੇ ਦੇ ਡਾਇਰੈਕਟਰ ਐਚ. ਐਸ. ਕਾਹਲੋਂ ਦੀ ਅਗਵਾਈ ‘ਚ 25 ਟੀਮਾਂ ਬੀਤੀ ਸਵੇਰ ਤੋਂ ਦੋ ਸਿਫ਼ਟਾਂ ‘ਚ ਪੀ. ਪੀ. ਈ. ਕਿੱਟਾਂ, ਫੇਸ ਸ਼ੀਲਡ, ਜ਼ਰੂਰੀ ਸੁਰੱਖਿਆ ਉਪਕਰਨ ਅਤੇ ਜੇ. ਸੀ. ਬੀ. ਮਸ਼ੀਨ ਦੇ ਨਾਲ ਇਸ ਕਾਰਵਾਈ ‘ਚ ਸ਼ਾਮਲ ਰਹੀਆਂ।
ਮੁਰਗੀਆਂ ਨੂੰ ਪਾਣੀ ‘ਚ ਦਵਾਈ ਮਿਲਾ ਕੇ ਦਿੱਤੀ ਗਈ, ਜਿਸ ਦੇ ਅੱਧੇ ਘੰਟੇ ਬਾਅਦ ਠੀਕ ਹੋਣ ‘ਤੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਇੱਥੇ ਹੀ ਮੁਰਗੀਆਂ ਨੂੰ ਦਫ਼ਨ ਕਰ ਦਿੱਤਾ ਗਿਆ। ਵੈਟਰਨਰੀ ਮਹਿਕਮੇ ਤੋਂ ਇਲਾਵਾ ਕੌਂਸਲ ਦੇ ਨੋਡਲ ਅਫ਼ਸਰ ਰਿਸ਼ਵ ਗਰਗ, ਸਿਹਤ ਮਹਿਕਮਾ, ਜੰਗਲਾਤ ਮਹਿਕਮਾ, ਮਾਲ ਮਹਿਕਮੇ ਤੋਂ ਇਲਾਵਾ ਪੁਲਸ ਫੋਰਸ ਸਮੇਤ ਤਿੰਨ ਦਰਜਨ ਜਵਾਨ ਇਸ ਮੌਕੇ ਤਾਇਨਾਤ ਰਹੇ।