ਚੰਡੀਗੜ੍ਹ – ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਗੱਲਾਂ-ਗੱਲਾਂ ਵਿਚ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਤੁਸੀਂ ਪਿਆਰ ਨਾਲ ਮਨਾਓਗੇ ਤਾਂ ਮੰਨ ਜਾਣਗੇ ਪਰ ਜੇ ਤੁਸੀਂ ਡਾਂਗ ਚੁੱਕੋਗੇ ਤਾਂ ਉਹ ਵੀ ਡਾਂਗ ਚੁੱਕੇ ਲੈਣਗੇ। ਭਾਵ ਪੰਜਾਬੀਆਂ ਨੂੰ ਪਿਆਰ ਨਾਲ ਮਨਾਇਆ ਜਾ ਸਕਦਾ ਹੈ ਪਰ ਜੇ ਉਨ੍ਹਾਂ ਵਿਰੁੱਧ ਡਾਂਗ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦਾ ਜਵਾਬ ਉਹ ਡਾਂਗ ਨਾਲ ਹੀ ਦਿੰਦੇ ਹਨ। ਉਹ ਇਸ ਗੱਲ ਨਾਲ ਸਹਿਮਤ ਸਨ ਕਿ ਕੇਂਦਰ ਸਰਕਾਰ ਹੰਕਾਰੀ ਹੋ ਚੁੱਕੀ ਹੈ। ਉਹ ਕਿਸਾਨਾਂ ’ਤੇ ਖੇਤੀਬਾੜੀ ਕਾਨੂੰਨਾਂ ਦੇ ਪੈਣ ਵਾਲੇ ਮਾੜੇ ਅਸਰ ਸੰਬੰਧੀ ਨਹੀਂ ਸੋਚ ਰਹੀ। ਲੋਕ ਕੇਂਦਰ ਸਰਕਾਰ ਨੂੰ ਪੁੱਛਣ ਕਿ ਕੀ ਦੇਸ਼ ਵਿਚ ਲੋਕਰਾਜ ਨਾਂ ਦੀ ਕੋਈ ਚੀਜ਼ ਬਾਕੀ ਬਚੀ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਨੁੱਖਤਾ ਦੇ ਵਿਰੁੱਧ ਹੈ। ਅਜਿਹੇ ਹਾਲਾਤ ਵਿਚ ਲੋਕਰਾਜ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ। ਜਦੋਂ ਕਿਸਾਨ ਕਾਨੂੰਨ ਨਹੀਂ ਚਾਹੁੰਦੇ ਹਨ ਤਾਂ ਉਨ੍ਹਾਂ ’ਤੇ ਇਹ ਕਾਨੂੰਨ ਕਿਉਂ ਠੋਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 1966 ਤੋਂ ਐੱਮ. ਐੱਸ. ਪੀ. ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਇਸ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ। ਹੁਣ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਕੇ ਕੇਂਦਰ ਸਰਕਾਰ ਜਿਥੇ ਜਨਤਕ ਵੰਡ ਪ੍ਰਣਾਲੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਥੇ ਇਸ ਦੇ ਨਾਲ ਹੀ ਐੱਮ. ਐੱਸ. ਪੀ. ਵੀ ਖ਼ਤਮ ਹੋ ਜਾਵੇਗੀ। ਕਿਸਾਨਾਂ ਨੂੰ ਐੱਨ. ਆਈ. ਏ. ਵਲੋਂ ਭੇਜੇ ਗਏ ਨੋਟਿਸਾਂ ’ਤੇ ਕੈਪਟਨ ਨੇ ਕਿਹਾ ਕਿ ਉਹ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਣਗੇ।