ਨੈਸ਼ਨਲ ਡੈਸਕ- ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਜਾਰੀ ਗਤੀਰੋਧ ਨੂੰ ਘੱਟ ਕਰਨ ਲਈ ਕੱਲ ਯਾਨੀ ਐਤਵਾਰ ਨੂੰ ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ 9ਵੇਂ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਤਣਾਅ ਨੂੰ ਦੂਰ ਕਰਨ ਲਈ 8 ਗੇੜ ਦੀ ਫ਼ੌਜ ਗੱਲਬਾਤ ਹੋ ਚੁਕੀ ਹੈ, ਜਿਨ੍ਹਾਂ ‘ਚ ਕੋਈ ਹੱਲ ਨਹੀਂ ਨਿਕਲ ਸਕਿਆ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਗੱਲਬਾਤ ‘ਚ ਦੋਹਾਂ ਪੱਖਾਂ ਵਿਚਾਲੇ ਇਕ ਲਿਖਤੀ ਸਮਝੌਤਾ ਹੋ ਸਕਦਾ ਹੈ।
ਦਰਅਸਲ 18 ਦਸੰਬਰ 2020 ਨੂੰ ਸਰਹੱਦੀ ਮਾਮਲਿਆਂ ‘ਤੇ ਸਲਾਹ ਅਤੇ ਤਾਲਮੇਲ (ਡਬਲਿਊ.ਐੱਮ.ਸੀ.ਸੀ.) ਲਈ ਇਕ ਬੈਠਕ ਹੋਈ ਸੀ। ਇਸੇ ਦੌਰਾਨ ਭਾਰਤ ਅਤੇ ਚੀਨ ਨੇ ਸਹਿਮਤੀ ਜਤਾਈ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਸੀਨੀਅਰ ਕਮਾਂਡਰਾਂ ਦਰਮਿਆਨ ਬੈਠਕ ਦਾ ਅਗਲਾ ਦੌਰ ਜਲਦ ਆਯੋਜਿਤ ਕੀਤਾ ਜਾਵੇਗਾ। ਦੋਹਾਂ ਦੇਸ਼ਾਂ ਵਿਚਾਲੇ 8 ਕੋਰ ਕਮਾਂਡਰ ਪੱਧਰ ਦੀ ਗੱਲਬਾਤ 6 ਨਵੰਬਰ ਨੂੰ ਹੋਈ ਸੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਲੋਂ ਮਹੱਤਵਪੂਰਨ ਸਹਿਮਤੀ ਨੂੰ ਲਾਗੂ ਕਰਨ, ਫ਼ੌਜ ਦੇ ਸਬਰ ਬਣਾਏ ਰੱਖਣ ਅਤੇ ਗਲਤਫ਼ਹਿਮੀ ਤੋਂ ਬਚਣ ‘ਤੇ ਸਹਿਮਤ ਹੋਏ ਸਨ।
ਦੱਸਣਯੋਗ ਹੈ ਕਿ 5 ਮਈ ਨੂੰ ਪੈਂਗੋਂਗ ਝੀਲ ਇਲਾਕੇ ‘ਚ ਭਾਰਤੀ ਫ਼ੌਜ ਅਤੇ ਪੀ.ਐੱਲ.ਏ. ਦੇ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗਤੀਰੋਧ ਵੱਧ ਗਿਆ ਸੀ। ਦੋਹਾਂ ‘ਚੋ ਕੋਈ ਵੀ ਪੱਖ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਮਾਹਰ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਵਾਲੇ ਫਰਿਕਸ਼ਨ ਪੁਆਇੰਟ ‘ਤੇ ਮਤਭੇਦ ਦੀ ਸਥਿਤੀ ਨੂੰ ਕੂਟਨੀਤਕ ਅਤੇ ਰਾਜਨੀਤਕ ਪੱਧਰ ‘ਤੇ ਗੱਲਬਾਤ ਰਾਹੀਂ ਸੁਲਝਾ ਨਹੀਂ ਲਿਆ ਜਾਂਦਾ, ਉਦੋਂ ਤੱਕ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ‘ਚ ਇਹ ਤਕਰਾਰ ਜਾਰੀ ਰਹੇਗੀ।