ਨਵੀਂ ਦਿੱਲੀ- ਦਿੱਲੀ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 185ਵੇਂ ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਵਿਡ-19 ਨਾਲ 9 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ ਮਾਮੂਲੀ ਵਾਧੇ ਨਾਲ 0.30 ਫੀਸਦੀ ਦਰਜ ਕੀਤੀ ਗਈ। ਸ਼ਨੀਵਾਰ ਨੂੰ ਇਨਫੈਕਸ਼ਨ ਦਰ 0.26 ਫੀਸਦੀ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ‘ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 6,33,924 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 10,808 ‘ਤੇ ਪਹੁੰਚ ਗਈ ਹੈ। ਦਿੱਲੀ ਸਿਹਤ ਵਿਭਾਗ ਵਲੋਂ ਤਾਜ਼ਾ ਬੁਲੇਟਿਨ ਅਨੁਸਾਰ ਹਾਲੇ ਕੋਵਿਡ-19 ਦੇ 1,741 ਮਰੀਜ਼ ਇਲਾਜ ਅਧੀਨ ਹਨ।
ਦਿੱਲੀ ਸਰਕਾਰ ਦੇ 4 ਵੱਡੇ ਹਸਪਤਾਲਾਂ ‘ਚ ਸਿਹਤ ਕਰਮੀਆਂ ਦਾ 100 ਫੀਸਦੀ ਟੀਕਾਕਰਨ ਹੋ ਗਿਆ ਹੈ। ਲੋਕਨਾਇਕ ਜੈਪ੍ਰਕਾਸ਼ ਹਸਪਤਾਲ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ, ਜੀ.ਟੀ.ਬੀ. ਹਸਪਤਾਲ ਅਤੇ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ‘ਚ ਅੱਜ ਟੀਕੇ ਲਗਾਉਣ ਦਾ ਟੀਚਾ ਪੂਰਾ ਹੋ ਗਿਆ। ਦਿੱਲੀ ‘ਚ ਪਿਛਲੇ 10 ਮਹੀਨਿਆਂ ‘ਚ ਇਕ ਦਿਨ ‘ਚ ਹਸਪਤਾਲ ‘ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ 22 ਜਨਵਰੀ ਨੂੰ ਰਹੀ। ਕੁੱਲ 42 ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ‘ਚ ਦਾਖ਼ਲ ਕਰਨ ਦੀ ਜ਼ਰੂਰਤ ਪਈ।