ਇਸਲਾਮਾਬਾਦ : ਮਲੇਸ਼ੀਆ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੇ ਇਕ ਹਫਤੇ ਬਾਅਦ ਇਮਰਾਨ ਖਾਨ ਸਰਕਾਰ ਦੇ ਵਿਵਹਾਰ ਵਿਚ ਤਬਦੀਲੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੀ ਰਾਸ਼ਟਰੀ ਹਵਾਬਾਜ਼ੀ ਕੰਪਨੀ ਨੇ ਲੰਡਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਇਕ ਆਇਰਿਸ਼ ਜੈੱਟ ਕੰਪਨੀ ਨੂੰ 70 ਲੱਖ ਅਮਰੀਕੀ ਡਾਲਰ ਮਤਲਬ 51 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਪੀ.ਆਈ.ਏ. ਦੇ ਇਸ ਜਹਾਜ਼ ਨੂੰ ਮਲੇਸ਼ੀਆ ਵਿਚ ਲੀਜ਼ ਦੀ ਰਾਸ਼ੀ ਸਬੰਧੀ ਹੋਏ ਵਿਵਾਦ ਮਗਰੋਂ ਜ਼ਬਤ ਕਰ ਲਿਆ ਗਿਆ ਸੀ।
ਪਾਕਿ ਨੇ ਚੁਕਾਏ ਬਕਾਇਆ 70 ਲੱਖ ਡਾਲਰ
ਦੁਨੀਆ ਟੀਵੀ ਦੀ ਖ਼ਬਰ ਦੇ ਮੁਤਾਬਕ, ਪੀ.ਆਈ.ਏ. ਨੇ ਸ਼ੁੱਕਰਵਾਰ ਨੂੰ ਲੰਡਨ ਹਾਈ ਕੋਰਟ ਦੇ ਇਕ ਜੱਜ ਨੂੰ ਦੱਸਿਆ ਕਿ ਉਸ ਨੇ ਡਬਲਿਨ ਸਥਿਤ ਏਅਰਕੈਪ ਵੱਲੋਂ ਲੀਜ਼ ‘ਤੇ ਲਈ ਗਏ ਦੋ ਜਹਾਜ਼ਾਂ ਦੇ ਮਾਮਲੇ ਵਿਚ ਪੇਰੇਗ੍ਰੀਨ ਐਵੀਏਸ਼ਨ ਚਾਰਲੀ ਲਿਮੀਟਿਡ ਨੂੰ ਕਰੀਬ 70 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਅਦਾ ਕੀਤੀ ਹੈ। ਖ਼ਬਰ ਵਿਚ ਕਿਹਾ ਗਿਆ ਕਿ ਪੀ.ਆਈ.ਏ. ਅਤੇ ਏਅਰਲਾਈਨਜ਼ ਦੋਹਾਂ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਅਦਾਲਤ ਤੋਂ ਮਾਮਲੇ ਵਿਚ ਸੁਣਵਾਈ ਦੀ ਅਗਲੀ ਤਾਰੀਖ਼ ਦੇਣ ਦੀ ਅਪੀਲ ਕੀਤੀ।
ਮਲੇਸ਼ੀਆ ਨੇ ਇਸ ਕਾਰਨ ਕੀਤੀ ਕਾਰਵਾਈ
ਏਅਰਕੈਪ ਨੂੰ ਜਹਾਜ਼ਾਂ ਦੇ ਲੀਜ਼ ਦੀ ਰਾਸ਼ੀ ਦਾ ਭੁਗਤਾਨ ਨਾ ਕਰਨ ਨਾਲ ਸਬੰਧਤ ਮਾਮਲੇ ਵਿਚ ਸਥਾਨਕ ਅਦਾਲਤ ਦੇ ਆਦੇਸ਼ ਮਗਰੋਂ ਮਲੇਸ਼ੀਆਈ ਅਧਿਕਾਰੀਆਂ ਨੇ ਪਿਛਲੇ ਹਫਤੇ ਕੁਆਲਾਲੰਪੁਰ ਹਵਾਈ ਅੱਡੇ ‘ਤੇ ਪੀ.ਆਈ.ਏ. ਦੇ ਬੋਇੰਗ-777 ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਅਜਿਹੀ ਆਸ ਹੈ ਕਿ ਅਦਾਲਤ ਵੱਲੋਂ ਪੀ.ਆਈ.ਏ. ਖ਼ਿਲਾਫ਼ ਕੋਈ ਆਦੇਸ਼ ਪਾਸ ਕੀਤੇ ਜਾਣ ਤੋਂ ਪਹਿਲਾਂ ਹੀ ਸਮਝੌਤੇ ਦੇ ਤਹਿਤ ਪੂਰੀ ਰਾਸ਼ੀ ਅਦਾ ਕਰ ਦਿੱਤੀ ਜਾਵੇਗੀ। ਡਬਲਿਨ ਸਥਿਤ ਏਅਰਕੈਪ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਾਦੀ (ਮੁਦਈ) ਦੀ ਸਥਿਤੀ ਇਹ ਹੈ ਅੱਜ ਪ੍ਰਤੀਵਾਦੀ (ਬਚਾਅ ਪੱਖ) ਪੀ.ਆਈ.ਏ. ਵੱਲੋਂ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ।
ਕੋਰੋਨਾ ਕਾਰਨ ਪਿਆ ਪਾਕਿ ਜਹਾਜ਼ ਉਦਯੋਗ ‘ਤੇ ਪ੍ਰਭਾਵ
ਖ਼ਬਰ ਮੁਤਾਬਕ ਅਦਾਲਤ ਨੂੰ ਦੱਸਿਆ ਗਿਆ ਕਿ ਪੀ.ਆਈ.ਏ. ਨੇ ਜੁਲਾਈ ਤੋਂ ਹੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਸੀ ਅਤੇ ਉਸ ਨੇ ਏਅਰਲਾਈਨਜ਼ ਨੂੰ ਹਰ ਮਹੀਨੇ ਪੰਜ ਲੱਖ 80 ਹਜ਼ਾਰ ਅਮਰੀਕੀ ਡਾਲਰ ਦੀ ਰਾਸ਼ੀ ਅਦਾ ਕਰਨੀ ਸੀ। ਅਜਿਹਾ ਨਾ ਹੋਣ ‘ਤੇ ਮਲੇਸ਼ੀਆ ਕਾਰਵਾਈ ਕਰ ਸਕਦਾ ਸੀ।ਪੀ.ਆਈ.ਏ. ਨੇ ਆਪਣੀ ਦਲੀਲ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਹਵਾਬਾਜ਼ੀ ਉਦਯੋਗ ‘ਤੇ ਗੰਭੀਰ ਅਸਰ ਪਿਆ ਹੈ ਅਤੇ ਅਜਿਹੇ ਵਿਚ ਰਾਸ਼ੀ ਵਿਚ ਕਮੀ ਕੀਤੀ ਜਾਣੀ ਚਾਹੀਦੀ ਹੈ।
ਲੰਡਨ ਹਾਈ ਕੋਰਟ ਦੇ ਆਦੇਸ਼ ਮਗਰੋਂ ਹੋਈ ਕਾਰਵਾਈ
ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਲੀਜ਼ ‘ਤੇ ਜਹਾਜ਼ ਦੇਣ ਵਾਲੀ ਕੰਪਨੀ ਪੀ.ਆਈ.ਏ. ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਸੀ ਅਤੇ ਜਿਵੇਂ ਹੀ ਉਸ ਨੂੰ ਇਹ ਜਾਣਕਾਰੀ ਮਿਲੀ ਕਿ ਉਡਾਣ ਸੰਖਿਆ-895 ਦੇ ਮਲੇਸ਼ੀਆ ਵਿਚ ਹਵਾਈ ਅੱਡੇ ‘ਤੇ ਉਤਰਨ ਦਾ ਪ੍ਰੋਗਰਾਮ ਹੈ ਉਸ ਨੇ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਲੀਜ਼ ਕਾਨੂੰਨ ਦੇ ਤਹਿਤ ਸਥਾਨਕ ਅਦਾਲਤ ਵਿਚ ਜਹਾਜ਼ ਨੂੰ ਜ਼ਬਤ ਕੀਤੇ ਜਾਣ ਲਈ ਅਰਜ਼ੀ ਦਾਇਰ ਕਰ ਦਿੱਤੀ। ਏਅਰਲਾਈਨਜ਼ ਨੇ ਇਕ ਬੁਲਾਰੇ ਨੇ ਕਿਹਾ ਕਿ ਬੋਇੰਗ-777 ਜਹਾਜ਼ ਨੂੰ ਲੰਡਨ ਹਾਈ ਕੋਰਟ ਦੇ ਆਦੇਸ਼ ਜਾਰੀ ਕਰਨ ਮਗਰੋਂ ਜ਼ਬਤ ਕਰ ਲਿਆ ਗਿਆ।