ਨਵੀਂ ਦਿੱਲੀ— ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ਵਿਖੇ ਸਿੰਘੂ ਸਰਹੱਦ ’ਤੇ ਅੱਜ ਯਾਨੀ ਕਿ ਐਤਵਾਰ ਨੂੰ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਬਿੱਟੂ ਦੀ ਦਸਤਾਰ ਵੀ ਉਤਰ ਗਈ। ਯੂਥ ’ਚ ਗੁੱਸਾ ਇਸ ਕਦਰ ਸੀ ਕਿ ਬਿੱਟੂ ਦੀ ਕਾਰ ’ਤੇ ਵੀ ਹਮਲਾ ਕੀਤਾ ਗਿਆ।
ਦੱਸ ਦੇਈਏ ਕਿ ਸਿੰਘੂ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 60 ਦਿਨਾਂ ਤੋਂ ਡਟੇ ਹੋਏ ਹਨ। ਜਿਸ ਦੌਰਾਨ ਬਿੱਟੂ ਦਾ ਵਿਰੋਧ ਕੀਤਾ ਗਿਆ, ਉਸ ਦੌਰਾਨ ਸਿੰਘੂ ਸਰਹੱਦ ’ਤੇ ਜਨ ਸੰਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਇਸ ਜਨ ਸੰਵਾਦ ’ਚ ਹਿੱਸਾ ਲੈਣ ਪੁੱਜੇ ਸਨ।
ਦੱਸਣਯੋਗ ਕਿ ਕਿਸਾਨ ਅੰਦੋਲਨ ਨੂੰ ਅੱਜ 60 ਦਿਨ ਹੋ ਗਏ ਅਤੇ ਅਜੇ ਤੱਕ ਕਿਸੇ ਮੰਤਰੀ ਨੇ ਅੰਦੋਲਨ ’ਚ ਪੁੱਜਣ ਦੀ ਹਿੰਮਤ ਨਹੀਂ ਕੀਤੀ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਜਿਹੇ ਹਨ ਜੋ ਕਿਸਾਨ ਅੰਦੋਲਨ ’ਚ ਪੁੱਜੇ ਹਨ ਪਰ ਉਨ੍ਹਾਂ ਨੂੰ ਇੱਥੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਸਨ। ਉਸ ਸਮੇਂ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਸ਼ਵਰਾ ਦਿੰਦੇ ਹੋਏ ਇਕ ਅਜੀਬ ਹੀ ਬਿਆਨ ਦਿੱਤਾ ਸੀ। ਬਿੱਟੂ ਨੇ ਕਿਹਾ ਸੀ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ, ਕੇਂਦਰੀ ਮੰਤਰੀਆਂ ਦਾ ਉੱਥੇ ਹੀ ਘਿਰਾਓ ਕਰ ਲਓ।