ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਣਜੀਤ ਅਵੈਨਿਊ ਵਿਖੇ ਯਾਦਗਾਰੀ ਪਾਰਕ ਦਾ ਆਨਲਾਈਨ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਕੈਪਟਨ ਨੇ ਕਿਹਾ ਕਿ ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦ ‘ਚ ਸਰਕਾਰ ਵੱਲੋਂ ਪੰਜਾਬ ‘ਚ ਯਾਦਗਾਰ ਬਣਾਈ ਜਾਵੇਗੀ। ਇਸ ਸਮਾਗਮ ‘ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਸੋਨੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਹੋਰ ਆਗੂ ਪੁੱਜੇ ਹੋਏ ਸਨ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਕੇ ‘ਚ ਸ਼ਹੀਦ ਹੋਏ ਯੋਧਿਆਂ ਦੀ ਯਾਦ ‘ਚ ਉਸਾਰੇ ਜਾਣ ਵਾਲੇ ਇਸ ਸਮਾਰਕ ‘ਚ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਲਈ ਹਰੇਕ ਸ਼ਹੀਦ ਦੇ ਘਰ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਪੰਚਾਇਤਾਂ ਵੱਲੋਂ ਮਿੱਟੀ ਵਿਸ਼ੇਸ਼ ਤੌਰ ‘ਤੇ ਨਾਲ ਲਿਆਂਦੀ ਗਈ, ਜੋ ਇਸ ਸਮਾਰਕ ਦਾ ਹਿੱਸਾ ਬਣੇਗੀ।