ਨਵੀਂ ਦਿੱਲੀ— ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ ਮਗਰੋਂ ਗ੍ਰਹਿ ਮੰਤਰਾਲਾ ਨੇ ਉੱਚ ਪੱਧਰੀ ਬੈਠਕ ਸੱਦੀ ਹੈ। ਇਸ ਬੈਠਕ ’ਚ ਗ੍ਰਹਿ ਸਕੱਤਰ ਅਤੇ ਦਿੱਲੀ ਪੁਲਸ ਦੇ ਕਮਿਸ਼ਨਰ ਵੀ ਮੌਜੂਦ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇਹ ਹਾਈ ਲੈਵਲ ਬੈਠਕ ਹੋ ਰਹੀ ਹੈ। ਇਸ ਬੈਠਕ ’ਚ ਦਿੱਲੀ ਵਿਚ ਸੁਰੱਖਿਆ ਦੇ ਹਾਲਾਤ ਨੂੰ ਲੈ ਕੇ ਇਹ ਬੈਠਕ ਹੋ ਰਹੀ ਹੈ। ਉੱਥੇ ਅੰਦਰੂਨੀ ਸੁਰੱਖਿਆ ਦਸਤਿਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਕੁਝ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰਾਂ ਲਾਲ ਕਿਲ੍ਹਾ ਕੰਪਲੈਕਸ ’ਚ ਦਾਖ਼ਲ ਹੋ ਗਏ, ਜਿੱਥੇ ਕੇਸਰੀ ਝੰਡਾ ਲਹਿਰਾਇਆ ਗਿਆ। ਹਾਲਾਂਕਿ ਬਾਅਦ ’ਚ ਪੁਲਸ ਵਲੋਂ ਇਹ ਕੇਸਰੀ ਝੰਡਾ ਉਤਾਰ ਦਿੱਤਾ ਗਿਆ। ਇਹ ਝੰਡਾ ਉੱਥੇ ਲਹਿਰਾਇਆ ਗਿਆ ਹੈ, ਜਿੱਥੇ 15 ਅਗਸਤ ਮੌਕੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ। ਇਸ ਦਰਮਿਆਨ ਵੱਡੀ ਗਿਣਤੀ ’ਚ ਕਿਸਾਨ ਟਰੈਕਟਰਾਂ ਨਾਲ ਲਾਲ ਕਿਲ੍ਹਾ ਕੰਪਲੈਕਸ ’ਚ ਪੁੱਜੇ। ਖ਼ਬਰਾਂ ਹਨ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਮਿਲੇ ਆਦੇਸ਼ ਮਗਰੋਂ ਕਿਸਾਨ ਵਾਪਸ ਸਿੰਘੂ ਸਰਹੱਦ ’ਤੇ ਪਰਤ ਰਹੇ ਹਨ।
ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਅੱਜ ਟਰੈਕਟਰ ਪਰੇਡ ਕੱਢੀ ਗਈ। ਇਸ ਦੌਰਾਨ ਸਿੰਘੂ ਅਤੇ ਟਿਕਰੀ ਸਰਹੱਦ ’ਤੇ ਕਿਸਾਨਾਂ ਨੇ ਪੁਲਸ ਵਲੋਂ ਲਾਏ ਗਏ ਬੈਰੀਕੇਡਜ਼ ਤੋੜੇ, ਉੱਥੇ ਹੀ ਗਾਜ਼ੀਪੁਰ ਸਰਹੱਦ ’ਤੇ ਪੁਲਸ ਨੇ ਕਿਸਾਨਾਂ ਨੂੰ ਰੋਕਿਆ ਅਤੇ ਹੰਝੂ ਗੈਸ ਦੇ ਗੋਲੇ ਸੁੱਟਣ ਦੇ ਨਾਲ-ਨਾਲ ਲਾਠੀਚਾਰਜ ਵੀ ਕੀਤਾ।