ਫਰਿਜ਼ਨੋ, – ਅਮਰੀਕਾ ਦੇ ਵਾਸ਼ਿੰਗਟਨ ਵਿਚ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੋਰੋਨਾ ਵਾਇਰਸ ਮਹਾਮਰੀ ਦੀ ਆੜ ਵਿਚ ਲੋਕਾਂ ਨੂੰ ਇਸ ਦੇ ਇਲਾਜ ਲਈ ਅਜਿਹੇ ਟੀਕੇ ਲਗਾ ਰਿਹਾ ਸੀ, ਜਿਨ੍ਹਾਂ ਨੂੰ ਉਸ ਨੇ ਆਪਣੀ ਨਿੱਜੀ ਲੈਬ ਵਿਚ ਬਣਾਇਆ ਸੀ।
ਨਿਆਂ ਵਿਭਾਗ ਅਨੁਸਾਰ, ਜੌਨੀ ਸਟਾਈਨ (56) ਨਾਮ ਦੇ ਇਸ ਵਿਅਕਤੀ ‘ਤੇ ਅੰਤਰਰਾਸ਼ਟਰੀ ਵਪਾਰ ਵਿਚ ਗ਼ਲਤ ਬ੍ਰਾਂਡ ਦੀਆਂ ਦਵਾਈਆਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿਭਾਗ ਅਨੁਸਾਰ ਇਸ ਵਿਅਕਤੀ ਵਲੋਂ ਇਨ੍ਹਾਂ ਨੂੰ ਅਣ ਅਧਿਕਾਰਿਤ ਟੀਕਿਆਂ ਲਈ 400 ਤੋਂ 1000 ਡਾਲਰ ਵਿਚਕਾਰ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਸੀ।
ਸੰਯੁਕਤ ਰਾਜ ਦੇ ਅਟਾਰਨੀ ਬ੍ਰਾਇਨ ਟੀ ਮੋਰਨ ਅਨੁਸਾਰ ਇਹ ਵਿਅਕਤੀ ਇਕ ਬਿਨਾਂ ਟੈਸਟ ਕੀਤੇ ਹੋਏ ਅਤੇ ਅਸੁਰੱਖਿਅਤ ਅਨਜਾਣ ਪਦਾਰਥਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦਾ ਦਾਅਵਾ ਕਰਕੇ ਲੋਕਾਂ ਨੂੰ ਲਗਾ ਰਿਹਾ ਸੀ। ਕੋਰੋਨਾ ਵਾਇਰਸ ਦੇ ਟੀਕੇ ਦੇ ਇਲਾਵਾ ਇਹ ਆਦਮੀ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਦਾ ਵੀ ਦਾਅਵਾ ਕਰਦਾ ਸੀ।
ਇਸ ਸੰਬੰਧੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਸੰਸਥਾ ਦੇ ਇਕ ਏਜੰਟ ਨੇ ਜਾਂਚ ਦੇ ਉਦੇਸ਼ ਨਾਲ ਮਾਰਚ ਦੇ ਆਰੰਭ ਵਿਚ ਕੈਂਸਰ ਦੇ ਟੀਕਿਆਂ ਸੰਬੰਧੀ ਸਟਾਈਨ ਕੋਲ ਪਹੁੰਚ ਕੀਤੀ ਤਾਂ ਸਟਾਈਨ ਨੇ ਉਸ ਕੋਲ ਕੈਂਸਰ ਟਿਊਮਰਾਂ ਦਾ ਇਲਾਜ ਕਰਦੇ ਟੀਕੇ ਦੀ ਗੱਲ ਕੀਤੀ ਅਤੇ ਜਿਸ ਦਾ ਫਾਰਮੂਲਾ ਉਸ ਨੇ ਕੋਰੋਨਾ ਨਾਲ ਲੜਨ ਵਾਲੇ ਟੀਕੇ ਲਈ ਬਦਲਿਆ ਸੀ ਅਤੇ ਸਟਾਈਨ ਨੇ ਉਸ ਜਾਂਚਕਰਤਾ ਨੂੰ ਵੀ ਇਕ ਖੁਰਾਕ ਵੇਚਣ ਦੀ ਪੇਸ਼ਕਸ਼ ਕੀਤੀ ਸੀ।
ਵਾਸ਼ਿੰਗਟਨ ਸਟੇਟ ਅਟਾਰਨੀ ਜਨਰਲ ਨੇ ਅਪ੍ਰੈਲ ਦੇ ਅਖੀਰ ਵਿਚ ਸਟਾਈਨ ਨੂੰ ਇਕ ਪੱਤਰ ਜਾਰੀ ਕਰਕੇ ਇਸ ਪ੍ਰਕਿਰਿਆ ਨੂੰ ਬੰਦ ਕਰਨ ਲਈ ਕਿਹਾ ਪਰ ਉਸ ਨੇ ਟੀਕੇ ਨੂੰ ਵੇਚਣਾ ਜਾਰੀ ਰੱਖਿਆ, ਜਿਸ ਕਰਕੇ ਪੁਲਸ ਦੁਆਰਾ ਉਸ ਦੇ ਗੋਦਾਮ ‘ਤੇ ਛਾਪਾ ਮਾਰ ਕੇ ਟੀਕਿਆਂ ਨੂੰ ਜ਼ਬਤ ਕਰ ਲਿਆ ਗਿਆ । ਅਧਿਕਾਰੀਆਂ ਅਨੁਸਾਰ ਸਟਾਈਨ ਦੁਆਰਾ ਨਕਲੀ ਕੋਰੋਨਾ ਵਾਇਰਸ ਦਾ ਟੀਕਾ ਲਗਾਏ ਗਏ ਇਕ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਦਕਿ ਸਟਾਈਨ ਖ਼ਿਲਾਫ਼ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਵਿਅਕਤੀ ਕੈਂਸਰ ਦੇ ਮਰੀਜ਼ਾਂ ਨੂੰ ਵੀ ਬਿਨਾਂ ਜਾਂਚ ਕੀਤੇ ਟੀਕੇ ਵੇਚ ਰਿਹਾ ਸੀ।