ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਮੀਟਿੰਗ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।
ਮੀਟਿੰਗ ਦੌਰਾਨ ਦਿੱਲੀ ‘ਚ ਪੈਦਾ ਹੋਏ ਹਾਲਾਤਾਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਗਣਤੰਤਰ ਦਿਹਾੜੇ ਮੌਕੇ ਦਿੱਲੀ ‘ਚ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹਿੰਸਕ ਝੜਪ ਹੋਈ ਸੀ। ਦਿੱਲੀ ਦੇ ਲਾਲ ਕਿਲ੍ਹੇ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਝੰਡਾ ਲਹਿਰਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਾਲਾਤ ਗੰਭੀਰ ਹੋ ਗਏ ਅਤੇ ਦਿੱਲੀ ਪੁਲਸ ਨੂੰ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਨਾ ਪਿਆ।
ਇਸ ਤੋਂ ਬਾਅਦ ਦਿੱਲੀ ਦੇ ਕਈ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਨਾਲ ਹੀ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਸੀ। ਇਸ ਸਭ ਨੂੰ ਦੇਖਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਚਾਰ-ਵਟਾਂਦਰਾ ਕਰਨ ਲਈ ਅੱਜ ਅਮਰਜੈਂਸੀ ਮੀਟਿੰਗ ਰੱਖੀ ਗਈ ਹੈ।