ਨਵੀਂ ਦਿਲੀ : ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਲਾਲ ਕਿਲ੍ਹਾ ਕੰਪਲੈਕਸ ’ਚ 26 ਜਨਵਰੀ ਨੂੰ ਲੋਕਾਂ ਦੇ ਪ੍ਰਵੇਸ਼ ਕਰਣ ਅਤੇ ਧਾਰਮਿਕ ਝੰਡਾ ਲਹਿਰਾਏ ਜਾਣ ਦੀ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਟਿਕੈਤ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਲ ਕਿਲ੍ਹੇ ’ਚ ਦਾਖ਼ਲ ਹੋਣ ਅਤੇ ਉਥੇ ਝੰਡਾ ਲਹਿਰਾਉਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਣ ਵਾਲੇ ਲੋਕਾਂ ਦਾ ਕਿਹੜੇ ਰਾਜਨੀਤਕ ਦਲਾਂ ਅਤੇ ਵਿਅਕਤੀਆਂ ਨਾਲ ਸਬੰਧ ਸੀ ਇਸ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਲਾਲ ਕਿਲ੍ਹਾ ਜਾਣ ਲਈ ਨਹੀਂ ਕਿਹਾ ਸੀ, ਉਹ ਪਹਿਲਾਂ ਤੋਂ ਨਿਰਧਾਰਤ ਮਾਰਗ ’ਤੇ ਅੱਗੇ ਵੱਧ ਰਹੇ ਸਨ। ਉਨ੍ਹਾਂ ਕਿਹਾ ਕਿ ਪਰੇਡ ਲਈ ਪਹਿਲਾਂ ਤੋਂ ਨਿਰਧਾਰਤ ਕੁੱਝ ਮਾਰਗਾਂ ਦੀ ਘੇਰਾਬੰਦੀ ਕੀਤੀ ਗਈ ਸੀ, ਇਸ ਦੀ ਵੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਕਿਸਾਨ ਨੇਤਾ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਪੁਲਸ ਮੁਲਾਜ਼ਮਾਂ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਸੰਗਠਨਾਂ ਅਤੇ ਪੁਲਸ ਵਿਚਾਲੇ ਸਮਝੌਤੇ ਦੇ ਬਾਅਦ ਗਣਤੰਤਰ ਦੇ ਮੌਕੇ ’ਤੇ ਰਾਜਧਾਨੀ ਵਿਚ ਕਿਸਾਨ ਪਰੇਡ ਕੱਢਣ ’ਤੇ ਸਹਿਮਤੀ ਬਣੀ ਸੀ।