ਅੱਜਕੱਲ੍ਹ, ਹਰ ਕੋਈ ਇੱਕ ਆਲੋਚਕ ਹੈ। ਜ਼ਰਾ ਇੰਟਰਨੈੱਟ ‘ਤੇ ਜਾਓ ਅਤੇ ਕਿਸੇ ਕਿਤਾਬ, ਮੂਵੀ, ਗੀਤ, ਹੋਟਲ ਜਾਂ ਰੈਸਟੋਰੈਂਟ ਬਾਰੇ ਖੋਜ ਕਰੋ। ਵੇਰਵੇ ਹੇਠ, ਉੱਥੇ ਬਹੁਤ ਸਾਰੀਆਂ ਮੁਖ਼ਤਲਿਫ਼ ਕਿਸਮ ਦੀਆਂ ਟਿੱਪਣੀਆਂ ਪਈਆਂ ਹੋਈਆਂ ਹਨ। ”ਬਹੁਤ ਵਧੀਆ।” ”ਟੋਟਲ ਬਕਵਾਸ।” ”ਬਿਹਤਰੀਨ।” ”ਸਮੇਂ ਦੀ ਬਰਬਾਦੀ।” ਕੀ ਸਾਨੂੰ ਇਹ ਪਤਾ ਵੀ ਹੁੰਦੈ ਕਿ ਅਸੀਂ ਨੈੱਟ ‘ਤੇ ਕਿਸ ਦੇ ਵਿਚਾਰ ਪੜ੍ਹ ਰਹੇ ਹਾਂ? ਕੀ ਵਾਕਈ ਅਸੀਂ ਇਸ ਦੀ ਪਰਵਾਹ ਕਰਦੇ ਹਾਂ? ਸ਼ਾਇਦ ਨਹੀਂ, ਪਰ ਅਸੀਂ ਪ੍ਰਭਾਵਿਤ ਜ਼ਰੂਰ ਹੁੰਦੇ ਹਾਂ। ਫ਼ਿਰ ਵੀ ਅਸੀਂ ਸਾਰੇ ਆਪੋ ਆਪਣੇ ਤੌਰ ‘ਤੇ ਵਿਲੱਖਣ ਹਾਂ। ਤੁਹਾਡਾ ਜਿਸ ਚੀਜ਼ ਨਾਲ ਕੰਮ ਸਰ ਜਾਂਦੈ, ਮੇਰਾ ਵੀ ਉਸ ਨਾਲ ਨਾ ਚੱਲ ਜਾਵੇਗਾ ਇਹ ਜ਼ਰੂਰੀ ਨਹੀਂ – ਅਤੇ ਇਸ ਦਾ ਉਲਟ ਵੀ ਸਹੀ ਹੈ। ਆਪਣੇ ਆਪ ‘ਚ ਜਾਂ ਆਪਣੀ ਸਥਿਤੀ ‘ਚ ਬਹੁਤੇ ਜ਼ਿਆਦਾ ਨੁਕਸ ਕੱਢਣ ਤੋਂ ਗ਼ੁਰੇਜ਼ ਕਰੋ।

ਜੇਕਰ ਤੁਸੀਂ ਕਦੇ ਵੀ ਇਹ ਜਾਣਨਾ ਚਾਹੋ ਕਿ ਤੁਹਾਡੇ ਨਾਲ ਅਤੀਤ ‘ਚ ਸੱਚਮੁੱਚ ਕੀ ਵਾਪਰਿਆ ਸੀ, ਤੁਹਾਨੂੰ ਕੇਵਲ ਕੁੱਝ ਦੇਰ ਇੰਤਜ਼ਾਰ ਕਰਨ ਦੀ ਲੋੜ ਹੈ। ਛੇਤੀ ਹੀ ਭਵਿੱਖ ਇੱਥੇ ਹੋਵੇਗਾ। ਜਦੋਂ ਉਹ ਪਧਾਰਿਆ, ਤੁਸੀਂ ਐਨ ਠੀਕ-ਠੀਕ ਦੇਖ ਸਕੋਗੇ ਕਿ ਕਿ ਤੁਹਾਡੀ ਕਹਾਣੀ ਨਾਲ ਹੁਣ ਤਕ ਕਿਹੋ ਜਿਹਾ ਪ੍ਰਭਾਵ ਪਿਐ। ਅਕਸਰ ਹੀ, ਅਸੀਂ ਕੀਮਤੀ ਮੌਕਿਆਂ ਨੂੰ ਸਿਰਫ਼ ਇਸ ਲਈ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਉਹ ਸਾਡੀਆਂ ਧਾਰਣਾਵਾਂ ਜਾਂ ਉਮੀਦਾਂ ਨਾਲ ਮੇਲ ਨਹੀਂ ਖਾਂਦੇ। ਆਪਣੀ ਸਥਿਤੀ ਬਾਰੇ ਲੋੜੋਂ ਵੱਧ ਉਤਾਵਲੇ ਨਾ ਹੋਵੋ। ਨੇੜਿਓਂ ਦੇਖੋ। ਇਹ ਤੁਹਾਨੂੰ ਤੁਹਾਡੇ ਲੰਘੇ ਹੋਏ ਕੱਲ੍ਹ ‘ਚ ਵਾਪਿਸ ਲਿਜਾਣ ਅਤੇ ਕਿਸੇ ਅਜਿਹੀ ਸ਼ੈਅ ‘ਚ ਤਬਦੀਲੀ ਲਿਆਉਣ ਦਾ ਇੱਕ ਦੁਰਲੱਭ ਮੌਕਾ ਦੇ ਰਹੀ ਹੈ ਜਿਸ ‘ਚ ਤੁਹਾਡੇ ਲਈ ਇੱਕ ਬਹੁਤ ਹੀ ਚਮਕੀਲਾ ਭਵਿੱਖ ਲਿਆਉਣ ਦੀ ਤਾਕਤ ਹੈ।

ਸਫ਼ਲਤਾ ‘ਚ ਹਮੇਸ਼ਾ ਤੁਹਾਡੀਆਂ ਉਮੰਗਾਂ ਦੀ ਪੂਰਤੀ ਸ਼ਾਮਿਲ ਨਹੀਂ ਹੁੰਦੀ। ਸ਼ਬਦਕੋਸ਼ ਜਾਂ ਡਿਕਸ਼ਨਰੀ ਨਾਲ ਬਹਿਸਣਾ ਸ਼ਾਇਦ ਸਿਆਣਪ ਨਾ ਹੋਵੇ, ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਇਸ ਸ਼ਬਦ ਦੀ ਆਮ ਪਰਿਭਾਸ਼ਾ ਥੋੜ੍ਹੀ ਜਿਹੀ ਨਾਮੁਕੰਮਲ ਹੈ। ਅਸੀਂ ਅਜਿਹੇ ਲੋਕਾਂ ਨਾਲ ਘਿਰੇ ਪਏ ਹਾਂ ਜਿਨ੍ਹਾਂ ਨੇ ਅਜਿਹੀਆਂ ਯੋਜਨਾਵਾਂ ‘ਚ ਸਫ਼ਲਤਾ ਹਾਸਿਲ ਕੀਤੀ ਹੈ ਜਿਹੜੀਆਂ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੀਆਂ ਹਨ। ਪਰ ਇਹ ਤਥਾਕਥਿਤ ਸਫ਼ਲਤਾ ਕਿੰਨੀ ਕੁ ਖ਼ੁਸ਼ੀ ਲੈ ਕੇ ਆਈ ਹੈ? ਅਤੇ ਜੇਕਰ ਕੋਈ ਚੀਜ਼ ਬਿਨਾ ਆਨੰਦ ਦੇ ਹੋਵੇ, ਅਸੀਂ ਉਸ ਨੂੰ ਸਫ਼ਲ ਕਿਵੇਂ ਕਹਿ ਸਕਦੇ ਹਾਂ? ਤੁਹਾਡੀ ਚਲੰਤ ਸਥਿਤੀ ਭਾਵੇਂ ਐਨ ਉਹੋ ਜਿਹੀ ਨਹੀਂ ਜਿਹੋ ਜਿਹੀ ਹੋਣੀ ਚਾਹੀਦੀ ਸੀ, ਪਰ ਇਹ ਫ਼ਿਰ ਵੀ ਉਹ ਤੁਹਾਨੂੰ ਸੱਚੀ ਸਫ਼ਲਤਾ ਦੇ ਅਹਿਸਾਸ ਨਾਲ ਛੱਡ ਕੇ ਜਾਵੇਗੀ।

ਇਸ ਮਸਲੇ ਦੇ ਰੌਸ਼ਨ ਪਹਿਲੂ ਵੱਲ ਵੀ ਜ਼ਰਾ ਗ਼ੌਰ ਕਰੋ ਜਾਂ ਉਸ ਵਿਅਕਤੀ ਦੀਆਂ ਕੇਵਲ ਖ਼ੂਬੀਆਂ ਦੇਖੋ। ਇਹ ਉਹ ਗੱਲਾਂ ਹਨ ਜਿਹੜੀਆਂ ਮੈਂ ਆਪਣੇ ਕਾਲਮ ‘ਚ ਹਮੇਸ਼ਾ ਇਨ੍ਹਾਂ ਪੰਨਿਆਂ ਰਾਹੀਂ ਲਿਖਦਾ ਰਹਿੰਦਾਂ। ਲੋਕ ਸੋਚਦੇ ਨੇ ਕਿ ਕਿਉਂਕਿ ਮੈਂ ਆਪਣੀਆਂ ਫ਼ਲਸਫ਼ਾਨਾ ਸਲਾਹਾਂ ਦੇ ਇਹ ਟੁਕੜੇ ਕਿਸੇ ਅਜਿਹੇ ਏਕਾਂਤ ਸੁਰੱਖਿਅਤ ਸਥਾਨ ‘ਤੇ ਬੈਠ ਕੇ ਜਾਰੀ ਕਰਦਾਂ ਜਿਸ ਦੇ ਉੱਪਰ ਇੱਕ ਨਿਗਰਾਨੀ ਕੇਂਦਰ ਵੀ ਬਣਿਆ ਹੋਇਐ, ਮੈਨੂੰ ਉਹ ਪ੍ਰਤੀਕਿਰਿਆ ਸੁਣਦੀ ਨਹੀਂ ਜਿਹੜੀ ਇਹ ਪੜ੍ਹੇ ਜਾਣ ਤੋਂ ਬਾਅਦ ਪੈਦਾ ਕਰਦੀਆਂ ਹਨ। ਪਰ, ਮੈਨੂੰ ਇਹ ਸੁਣਾਈ ਦਿੰਦੀ ਹੈ। ਮੈਨੂੰ ਪਤੈ ਕਿ ਕਿੰਨੀ ਵਾਰ ਲੋਕ ਕਹਿੰਦੇ ਨੇ, ”ਨਹੀਂ ਯਾਰ, ਇਹ ਬੰਦਾ ਫ਼ਿਰ ਮੈਨੂੰ ਹਮੇਸ਼ਾ ਵਾਂਗ ਆਸ਼ਾਵਾਦੀ ਬਣ ਕੇ ਰਹਿਣ ਦਾ ਲੈਕਚਰ ਦੇਣ ਆ ਗਿਐ। ਕੀ ਇਸ ਨੂੰ ਪਤਾ ਨਹੀਂ ਕਿ ਮੈਨੂੰ ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦੈ?” ਬਹੁਤ ਚੰਗੀ ਤਰ੍ਹਾਂ ਪਤੈ ਮੈਨੂੰ। ਇਸੇ ਲਈ ਤਾਂ ਮੈਂ ਉਹ ਕਹਿੰਦਾਂ ਜੋ ਮੈਂ ਕਹਿੰਦਾਂ। ਤੁਸੀਂ ਹੋਰ ਕਿਹੜੀ ਦੂਸਰੀ ਚੀਜ਼ ਦੇਖਣਾ ਚਾਹੁੰਦੇ ਹੋ ਸਕਦੇ ਹੋ? ਇਸ ਵਕਤ ਤੁਹਾਡੇ ਕੋਲ ਇਹੀ ਇੱਕ ਚੋਣ ਹੈ। ਅਤੇ ਇਹ ਤੁਹਾਡੇ ਬਹੁਤ ਕੰਮ ਆਵੇਗੀ!

ਸਭ ਤੋਂ ਵਧੀਆ ਡਰਾਉਣੀਆਂ ਮੂਵੀਆਂ ਕਦੇ ਵੀ ਸ਼ੈਤਾਨ ਨੂੰ ਪੂਰੀ ਤਰ੍ਹਾਂ ਨਹੀਂ ਦਿਖਾਉਂਦੀਆਂ। ਸਾਨੂੰ ਕੇਵਲ ਕਿਸੇ ਛਿਲਕੇਦਾਰ ਚਮੜੀ ਜਾਂ ਜ਼ਹਿਰੀਲੇ ਨੁਕੀਲੇ ਦੰਦ ਦੀ ਇੱਕ ਸੰਖੇਪ ਜਿਹੀ ਝਲਕ ਦੇਖਣ ਦਿੱਤੀ ਜਾਂਦੀ ਹੈ। ਬਸ ਇੰਨੀ ਕੁ ਜਿੰਨੀ ਸਾਨੂੰ ਉਤਸੁਕ ਕਰਨ ਲਈ ਕਾਫ਼ੀ ਹੋਵੇ, ਪਰ ਇੰਨੀ ਜ਼ਿਆਦਾ ਨਹੀਂ ਕਿ ਉਹ ਸਾਨੂੰ ਸੋਚਣ ‘ਤੇ ਮਜਬੂਰ ਕਰ ਸਕੇ ਕਿ ਉਨ੍ਹਾਂ ਦ੍ਰਿਸ਼ਾਂ ‘ਚ ਆਖ਼ਿਰ ਇੰਨੀ ਖ਼ਾਸ ਗੱਲ ਕੀ ਸੀ। ਜਿੰਨਾ ਜ਼ਿਆਦਾ ਸਮਾਂ ਅਸੀਂ ਕਿਸੇ ਸ਼ੈਅ ਨੂੰ ਦੇਖਣ ‘ਚ ਲਗਾਈਏ, ਓਨਾ ਹੀ ਜ਼ਿਆਦਾ ਅਸੀਂ ਇਹ ਮਹਿਸੂਸ ਕਰਨ ਲੱਗਦੇ ਹਾਂ ਜਿਵੇਂ ਅਸੀਂ ਉਸ ਨੂੰ ਸਮਝ ਗਏ ਹਾਂ। ਮੈਂ ਇਸ ਗੱਲ ਦਾ ਜ਼ਿਕਰ ਇਸ ਲਈ ਵੀ ਕਰ ਰਿਹਾਂ ਕਿਉਂਕਿ ਮੈਨੂੰ ਪਤੈ ਕਿ ਤੁਸੀਂ ਇਸ ਵਕਤ ਇੱਕ ਅਜਿਹੀ ਚੀਜ਼ ਨੂੰ ਦੇਖ ਰਹੇ ਹੋ ਜਿਹੜੀ ਤੁਸੀਂ ਬਿਲਕੁਲ ਸਾਫ਼ ਤੌਰ ‘ਤੇ ਨਹੀਂ ਦੇਖ ਪਾ ਰਹੇ। ਤੁਸੀਂ ਉਸ ਨੂੰ ਬਹੁਤਾ ਨਜ਼ਦੀਕ ਤੋਂ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਤੁਹਾਨੂੰ ਡਰ ਹੈ ਕਿ ਇਸ ਨਾਲ ਮਾਮਲਾ ਬਦਤਰ ਹੋ ਜਾਵੇਗਾ। ਦਰਅਸਲ, ਇਸ ਦੇ ਉਲਟ, ਇਹ ਹਰ ਸ਼ੈਅ ਨੂੰ ਪਹਿਲਾਂ ਨਾਲੋਂ ਬਿਹਤਰ ਦਿਖਾਉਣ ‘ਚ ਮਦਦਗਾਰ ਸਾਬਿਤ ਹੋਵੇਗੀ।