ਨਵੀਂ ਦਿੱਲੀ- ਰਾਜਧਾਨੀ ਦੇ ਪਾਸ਼ ਇਲਾਕੇ ‘ਚ ਸਥਿਤ ਇਜ਼ਰਾਇਲੀ ਦੂਤਘਰ ਕੋਲ ਹੋਏ ਧਮਾਕੇ ਦੇ ਮਾਮਲੇ ‘ਚ ਪੁਲਸ ਨੂੰ ਅਹਿਮ ਸੁਰਾਗ ਦੇ ਤੌਰ ‘ਤੇ ਇਕ ਚਿੱਠੀ ਅਤੇ ਸੀ.ਸੀ.ਟੀ.ਵੀ. ਫੁਟੇਜ ‘ਚ 2 ਸ਼ੱਕੀਆਂ ਬਾਰੇ ਪਤਾ ਲੱਗਾ ਹੈ। ਚਿੱਠੀ ‘ਚ ਵਿਸਫ਼ੋਟ ਨੂੰ ਟਰੇਲਰ ਦੱਸਿਆ ਗਿਆ ਹੈ। ਇਸ ਚਿੱਠੀ ‘ਚ ਇਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਨ ਦੇ ਪਰਮਾਣੂੰ ਵਿਗਿਆਨੀ ਡਾ. ਮੋਹਸੀਨ ਫ਼ਖ਼ਰੀਜਦਾ ਦਾ ਨਾਂ ਲਿਖਿਆ ਹੈ। ਪਿਛਲੇ ਸਾਲ ਅਮਰੀਕਾ ਨੇ ਇਕ ਡਰੋਨ ਹਮਲੇ ‘ਚ ਜਨਰਲ ਕਾਸਿਮ ਸੁਲੇਮਾਨੀ ਨੂੰ ਬਗਦਾਦ ‘ਚ ਮਾਰ ਦਿੱਤਾ ਸੀ। ਪਿਛਲੇ ਸਾਲ ਨਵੰਬਰ ‘ਚ ਫ਼ਖ਼ਰੀਜਦਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ।
ਚਿੱਠੀ ਤੋਂ ਇਲਾਵਾ ਹਾਦਸੇ ਵਾਲੀ ਜਗ੍ਹਾ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ ਅਤੇ ਦਿੱਲੀ ਪੁਲਸ ਦੀ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਵਿਸਫ਼ੋਟ ਤੋਂ ਪਹਿਲਾਂ 2 ਸ਼ੱਕੀ ਹਾਦਸੇ ਵਾਲੀ ਜਗ੍ਹਾ ਆਏ ਸਨ। ਦਿੱਲੀ ਪੁਲਸ ਨੇ ਕੈਬ ਦੀ ਪਛਾਣ ਕਰ ਲਈ ਹੈ ਅਤੇ ਚਾਲਕ ਤੋਂ ਪੁੱਛ-ਗਿੱਛ ਕਰ ਕੇ ਦੋਹਾਂ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਜਾਂਚ ਟੀਮ ਨੇ ਇੱਥੇ ਵਿਦੇਸ਼ੀ ਖੇਤੀ ਰਜਿਸਟਰੇਸ਼ਨ ਦਫ਼ਤਰ (ਐੱਫ.ਆਰ.ਆਰ.ਓ.) ਤੋਂ ਇਰਾਨੀ ਨਾਗਰਿਕਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਪਿਛਲੇ ਇਕ ਮਹੀਨੇ ‘ਚ ਜੋ ਵੀ ਇਰਾਨੀ ਭਾਰਤ ਆਏ ਹਨ, ਉਨ੍ਹਾਂ ਸਾਰਿਆਂ ਦੀ ਜਾਣਕਾਰੀ ਮੰਗੀ ਗਈ ਹੈ। ਉੱਥੇ ਹੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਜ਼ਰਾਇਲ ਦੇ ਵਿਦੇਸ਼ ਮੰਤਰੀ ਗੈਬੀ ਅਸ਼ਕੇਨਾਜ਼ੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।