ਪੁਲਵਾਮਾ- ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਮੁਕਾਬਲਾ ਹੋਇਆ। ਜਿਸ ‘ਚ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀ ਸਾਂਝੀ ਟੀਮ ਨੇ ਆਪਰੇਸ਼ਨ ਚਲਾਇਆ ਅਤੇ 2 ਅੱਤਵਾਦੀਆਂ ਨੇ ਆਤਮਸਮਰਪਣ ਕੀਤਾ। ਕਸ਼ਮੀਰ ਜ਼ੋਨ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਵਾਮਾ ਦੇ ਲੀਲਾਰ ਇਲਾਕੇ ‘ਚ ਮੁਕਾਬਲਾ ਸ਼ੁਰੂ ਹੋਇਆ ਸੀ ਅਤੇ ਪੁਲਸ ਅਤੇ ਸੁਰੱਖਿਆ ਫ਼ੋਰਸ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਜਿਸ ‘ਚ ਦੋਵੇਂ ਅੱਤਵਾਦੀਆਂ ਨੇ ਪੁਲਸ ਅਤੇ ਐੱਸ.ਐੱਫ. ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਏ.ਕੇ.-47 ਰਾਈਫਲਾਂ ਨਾਲ ਆਤਮਸਮਰਪਣ ਕੀਤਾ। ਮੁਕਾਬਲੇ ‘ਚ ਜ਼ਖਮੀ ਇਕ ਅੱਤਵਾਦੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ‘ਚ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ ‘ਚ ਹਿਜ਼ਬੁਲ ਮੁਜਾਹੀਦੀਨ ਦੇ ਤਿੰਨ ਅੱਤਵਾਦੀ ਮਾਰੇ ਗਏ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਦਸਤਿਆਂ ਨੇ ਤਰਾਲ ਇਲਾਕੇ ਦੇ ਮੰਡੂਰਾ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਉੱਥੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ। ਮੁਕਾਬਲੇ ‘ਚ ਮਾਰੇ ਗਏ ਤਿੰਨੋਂ ਅੱਤਵਾਦੀ ਇਸ ਸਾਲ 2 ਜਨਵਰੀ ਨੂੰ ਤਰਾਲ ਬੱਸ ਸਟੈਂਡ ਕੋਲ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਸਨ।