ਨਵੀਂ ਦਿੱਲੀ- ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬੈਠੇ 2 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਉੱਥੇ ਹੀ 26 ਜਨਵਰੀ ਨੂੰ ਹੋਈ ਹਿੰਸਾ ਅਤੇ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ ‘ਤੇ ਹੰਗਾਮੇ ਤੋਂ ਬਾਅਦ ਵੀ ਤਿੰਨੋਂ ਮੁੱਖ ਬਾਰਡਰਾਂ (ਗਾਜ਼ੀਪੁਰ, ਸਿੰਘੂ ਅਤੇ ਟਿਕਰੀ) ‘ਤੇ ਅੰਦੋਨ ਲਗਾਤਾਰ ਜਾਰੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਦੀਆਂ ਸਰਹੱਦਾਂ ‘ਤੇ ਭਾਰੀ ਸੁਰੱਖਿਆ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਕਿਹਾ ਕਿ ਕੱਲ ਬਾਗਪਤ ‘ਚ ਪੰਚਾਇਤ ਕਰਨ ਤੋਂ ਬਾਅਦ ਅਸੀਂ ਦਿੱਲੀ ਕੂਚ ਕਰਾਂਗੇ। ਕਿਸਾਨਾਂ ‘ਤੇ ਜੋ ਰਾਜਨੀਤੀ ਹੋ ਰਹੀ ਹੈ, ਉਸ ‘ਤੇ ਪੰਚਾਇਤ ‘ਤੇ ਚਰਚਾ ਕਰਾਂਗੇ। ਦੂਜੇ ਪਾਸੇ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਐੱਨ.ਐੱਚ.-24, ਗਾਜ਼ੀਪੁਰ ਬਾਰਡਰ ‘ਤੇ ਆਉਣ ਅਤੇ ਜਾਣ ਵਾਲੇ ਮਾਰਗ ਨੂੰ ਦਿੱਲੀ ਟਰੈਫ਼ਿਕ ਪੁਲਸ ਵਲੋਂ ਬੰਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਨਰੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਤੋਂ ਧਰਨਾ ਖਤਮ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਸਾਰੀਆਂ ਸਹੂਲਤਾਂ ਬੰਦ ਹੋਣ ਤੋਂ ਬਾਅਦ ਧਰਨਾ ਕਿਵੇਂ ਚੱਲੇਗਾ। ਹੁਣ ਨੇਤਾ-ਵਰਕਰਾਂ ਨੂੰ ਧਰਨਾ ਖ਼ਤਮ ਕਰ ਕੇ ਵਾਪਸ ਜਾਣਾ ਚਾਹੀਦਾ। ਇਸ ਤੋਂ ਇਲਾਵਾ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਕੁੱਟਮਾਰ ਨਾਲੋਂ ਚੰਗਾ ਹੈ ਕਿ ਉਹ ਧਰਨਾ ਖ਼ਤਮ ਕਰ ਦੇਣ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਅਤੇ ਨਰੇਸ਼ ਟਿਕੈਤ ਦੇ ਛੋਟੇ ਭਰਾ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਇਹ ਅੰਦੋਲਨ ਜਾਰੀ ਸੀ, ਜਾਰੀ ਹੈ ਅਤੇ ਜਾਰੀ ਰਹੇਗਾ।