ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਸਨੀ ਲਿਓਨੀ ਬੀਤੇ ਕੁੱਝ ਦਿਨਾਂ ਤੋਂ ਪੈਸਿਆਂ ਦੀ ਧੋਖਾਧੜੀ ਮਾਮਲੇ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਹਾਲਾਂਕਿ ਹੁਣ ਇਸ ਮਾਮਲੇ ‘ਚ ਕੇਰਲ ਹਾਈਕੋਰਟ ਨੇ ਅਦਾਕਾਰਾ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਅਦਾਕਾਰਾ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ANI ਨੇ ਟਵੀਟ ਕਰ ਕੇ ਲਿਖਿਆ ਕਿ ਕੇਰਲ ਹਾਈਕੋਰਟ ਨੇ ਕ੍ਰਾਈਮ ਬ੍ਰਾਂਚ ਨੂੰ 29 ਲੱਖ ਰੁਪਏ ਦੀ ਧੋਖਾਧੜੀ ਵਾਲੇ ਕੇਸ ‘ਚ ਸਨੀ ਲਿਓਨੀ ਦੀ ਗ੍ਰਿਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਕੋਰਟ ਵਲੋਂ ਇਹ ਆਦੇਸ਼ ਅਦਾਕਾਰਾ ਦੀ ਜ਼ਮਾਨਤ ਪਟੀਸ਼ਨ ਤੋਂ ਬਾਅਦ ਆਇਆ ਹੈ। ਦੱਸ ਦੇਈਏ ਕਿ 29 ਲੱਖ ਰੁਪਏ ਦੀ ਧੋਖਾਧੜੀ ਮਾਮਲੇ ‘ਚ ਨਾਮ ਸਾਹਮਣੇ ਆਉਣ ਤੋਂ ਬਾਅਦ ਹੀ ਸਨੀ ਨੇ ਕੇਰਲ ਹਾਈਕੋਰਟ ‘ਚ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ਕ੍ਰਾਈਮ ਬ੍ਰਾਂਚ ਨੂੰ ਸਨੀ ਦੀ ਗ੍ਰਿਫ਼ਤਾਰੀ ਨਹੀਂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਸਨੀ ਨੇ ਜ਼ਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ‘ਚ ਕਿਹਾ ਸੀ ਕਿ ਉਹ ਨਿਰਦੋਸ਼ ਹੈ ਉਨ੍ਹਾਂ ਨੇ ਕਾਨੂੰਨੀ ਜਾਂਚ ‘ਚ ਪੂਰੀ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਗੱਲ ਵੀ ਕਹੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਬਣਦਾ ਹੈ। ਉੱਧਰ ਇਸ ਪਟੀਸ਼ਨ ਤੋਂ ਬਾਅਦ ਕੋਰਟ ਵਲੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ ਅਤੇ ਗ੍ਰਿਫ਼ਤਾਰੀ ‘ਤੇ ਰੋਕ ਵੀ ਲਗਾ ਦਿੱਤੀ ਗਈ ਹੈ।
ਕੀ ਸੀ ਮਾਮਲਾ
ਦਰਅਸਲ ਬੀਤੇ ਦਿਨੀਂ ਪੇਰੂ ਮਬਰੂਰ ਦੇ ਰਹਿਣ ਵਾਲੇ ਆਰ ਸ਼੍ਰੇਯਸ ਨਾਂ ਦੇ ਇੱਕ ਸ਼ਖ਼ਸ ਨੇ ਸਨੀ ਲਿਓਨੀ ਖ਼ਿਲਾਫ਼ 29 ਲੱਖ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ। ਸ਼੍ਰੇਯਸ ਦਾ ਦੋਸ਼ ਸੀ ਕਿ ਸਨੀ ਲਿਓਨੀ ਨੇ ਉਨ੍ਹਾਂ ਤੋਂ ਇਹ ਰਕਮ ਦੋ ਇਵੈਂਟਸ ‘ਚ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ‘ਚ ਕੇਰਲ ਬ੍ਰਾਂਚ ਨੇ ਅਦਾਕਾਰਾ ਤੋਂ ਕਾਫ਼ੀ ਲੰਬੇ ਸਮੇਂ ਤੱਕ ਪੁੱਛਗਿੱਛ ਵੀ ਕੀਤੀ। ਸਨੀ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਵਜ੍ਹਾ ਨਾਲ ਉਹ ਇਵੈਂਟਸ ਦਾ ਹਿੱਸਾ ਨਹੀਂ ਬਣ ਸਕੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਔਰਗੇਨਾਈਜ਼ਰਜ਼ ਨੇ ਪੰਜ ਵਾਰ ਸ਼ੋਅ ਨੂੰ ਰੱਦ ਕੀਤਾ ਅਤੇ ਕਹੇ ਗਏ ਸ਼ੈਜੂਅਲ ਅਨੁਸਾਰ ਸ਼ੋਅ ਦਾ ਆਯੋਜਨ ਹੀ ਨਹੀਂ ਹੋਇਆ।