ਮੁੰਬਈ- ਬੰਬਈ ਹਾਈ ਕੋਰਟ ਨੇ ਟੈਲੀਵਿਜ਼ਨ ਰੇਟਿੰਗ ਪੁਆਇੰਟਸ (ਟੀ.ਆਰ.ਪੀ.) ਘਪਲੇ ਮਾਮਲੇ ‘ਚ ਦੋਸ਼ੀ ਅਤੇ ਬ੍ਰਾਡਕਾਸਟ ਆਡੀਐਂਸ ਰਿਸਰਚ ਕਾਊਂਸਿਲ (ਬਾਰਕ) ਦੇ ਸਾਬਕਾ ਸੀ.ਈ.ਓ. ਪਾਰਥੋ ਦਾਸਗੁਪਤਾ ਦੀ ਜ਼ਮਾਨਤ ਮੰਗਲਵਾਰ ਨੂੰ ਸਵੀਕਾਰ ਕਰ ਲਈ। ਜੱਜ ਪੀ.ਡੀ. ਨਾਈਕ ਨੇ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੇਣ ‘ਚ ਸਮਰੱਥ 2 ਜ਼ਮਾਨਤੀ ‘ਤੇ ਦਾਸਗੁਪਤਾ (55) ਦੀ ਜ਼ਮਾਨਤ ਮਨਜ਼ੂਰ ਕਰ ਲਈ। ਅਦਾਲਤ ਨੇ ਦਾਸਗੁਪਤਾ ਨੂੰ 6 ਹਫ਼ਤਿਆਂ ਈ ਸਮਾਨ ਰਾਸ਼ੀ ਦੀ ਅਸਥਾਈ ਨਕਦ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ, ਉਦੋਂ ਤੱਕ ਉਨ੍ਹਾਂ ਨੂੰ 2 ਜ਼ਮਾਨਤੀ ਮੁਹੱਈਆ ਕਰਵਾਉਣੇ ਹੋਣਗੇ।
ਦਾਸਗੁਪਤਾ ਨੇ ਇਸ ਸਾਲ ਜਨਵਰੀ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਸੈਸ਼ਨ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸੈਸ਼ਨ ਅਦਾਲਤ ਨੇ ਕਿਹਾ ਸੀ ਅਜਿਹਾ ਲੱਗਦਾ ਹੈ ਕਿ ਦਾਸਗੁਪਤਾ ਨੇ ਘਪਲੇ ‘ਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਮੁੱਖ ਯੋਜਨਾਕਰਤਾ ਹਨ।” ਦਾਸਗੁਪਤਾ ਨੂੰ ਪਿਛਲੇ ਸਾਲ 24 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਜੇਲ੍ਹ ‘ਚ ਹਨ। ਦਾਸਗੁਪਤਾ ‘ਤੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਨ ਅਤੇ ਰਿਪਬਲਿਕ ਟੀ.ਵੀ. ਚਲਾਉਣ ਵਾਲੀ ਕੰਪਨੀ ਏ.ਆਰ.ਜੀ. ਆਊਟਲਾਇਰ ਮੀਡੀਆ ਅਤੇ ਇਸ ਟੀ.ਵੀ. ਦੇ ਪ੍ਰਧਾਨ ਸੰਪਾਦਕ ਅਰਨਬ ਗੋਸਵਾਮੀ ਨਾਲ ਮਿਲੀਭਗਤ ਕਰ ਕੇ ਟੀ.ਆਰ.ਪੀ. ‘ਚ ਛੇੜਛਾੜ ਕਰਨ ਦਾ ਦੋਸ਼ ਹੈ।