ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਪੁਲਾੜ, ਪਰਮਾਣੂ ਊਰਜਾ ਅਤੇ ਖੇਤੀ ਵਰਗੇ ਕਈ ਖੇਤਰਾਂ ਵਿਚ ਹੁਨਰਮੰਦ ਨੌਜਵਾਨਾਂ ਲਈ ਦਰਵਾਜ਼ੇ ਖੁੱਲ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਿਆਨ ਅਤੇ ਖੋਜ ਨੂੰ ਸੀਮਤ ਕਰਨਾ ਦੇਸ਼ ਦੀਆਂ ਸੰਭਾਵਨਾਵਾਂ ਨਾਲ ਵੱਡਾ ਅਨਿਆਂ ਹੈ। ਦਰਅਸਲ ਪ੍ਰਧਾਨ ਮੰਤਰੀ ਮੋਦੀ ਸਿੱਖਿਆ ਖੇਤਰ ਲਈ ਬਜਟ ਤਜਵੀਜ਼ਾਂ ਦੇ ਅਮਲ ’ਤੇ ਇਕ ਵੈਬਿਨਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੇ ਸਥਾਨਕ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਹੈ। ਹੁਣ ਇਹ ਸਾਰੇ ਭਾਸ਼ਾ ਵਿਗਿਆਨੀਆਂ ਅਤੇ ਹਰ ਭਾਸ਼ਾ ਦੇ ਮਾਹਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤੀ ਭਾਸ਼ਾਵਾਂ ’ਚ ਦੇਸ਼ ਅਤੇ ਦੁਨੀਆ ਦੀ ਵਧੀਆ ਸਮੱਗਰੀ ਉਪਲੱਬਧ ਕਰਵਾਏ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ ਵਿਚ, ਇਹ ਯਕੀਨੀ ਰੂਪ ਨਾਲ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਹੁਨਰ, ਖੋਜ ਅਤੇ ਨਵੀਨਤਾ ’ਤੇ ਬਜਟ ਵਿਚ ਸਿਹਤ ਤੋਂ ਬਾਅਦ ਸਭ ਤੋਂ ਵੱਧ ਧਿਆਨ ਦਿੱਤਾ ਗਿਆ ਹੈ। ਕੇਂਦਰੀ ਬਜਟ ਨੇ ਸਿੱਖਿਆ ਨੂੰ ਰੁਜ਼ਗਾਰ ਅਤੇ ਉੱਦਮੀ ਸੰਭਾਵਨਾ ਨਾਲ ਜੋੜਨ ਦੇ ਸਾਡੇ ਯਤਨਾਂ ਨੂੰ ਵਿਸ਼ਾਲ ਕੀਤਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਭਾਰਤ ਅੱਜ ਵਿਗਿਆਨਕ ਪ੍ਰਕਾਸ਼ਨਾਂ ਦੇ ਮਾਮਲੇ ਵਿਚ ਉੱਚ ਤਿੰਨ ਦੇਸ਼ਾਂ ਵਿਚ ਸ਼ਾਮਲ ਹੈ। ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਦੇਸ਼ ਦੇ ਨੌਜਵਾਨਾਂ ’ਚ ਆਮਤ ਵਿਸ਼ਵਾਸ ਮਹੱਤਵਪੂਰਨ ਹੈ। ਇਹ ਆਤਮ ਵਿਸ਼ਵਾਸ ਤਾਂ ਹੀ ਆਵੇਗਾ, ਜਦੋਂ ਨੌਜਵਾਨਾਂ ਨੂੰ ਆਪਣੀ ਸਿੱਖਿਆ ਅਤੇ ਗਿਆਨ ’ਤੇ ਪੂਰਾ ਭਰੋਸਾ ਹੋਵੇਗਾ।