ਜਲੰਧਰ (ਸਚਿਨ) – ਇੰਗਲੈਂਡ ਦੇ ਸਾਬਕਾ ਸਪਿਨ ਗੇਂਦਬਾਜ ਮੌਂਟੀ ਪਨੇਸਰ ਦਾ ਕਹਿਣਾ ਹੈ ਕਿ ਡੇ-ਨਾਈਟ ਟੈੱਸਟ ‘ਚ ਇੰਗਲੈਂਡ ਦੀ ਹਾਰ ਦੀ ਵਜ੍ਹਾ ਸਪਿਨ ਗੇਂਦਬਾਜੀ ਨੂੰ ਚੰਗੀ ਤਰ੍ਹਾਂ ਨਾਲ ਨਾ ਖੇਡ ਸਕਣਾ ਵੀ ਹੈ। ਅਜੀਤ ਵੀਕਲੀ ਨਾਲ ਇੱਕ ਵਿਸ਼ੇਸ਼ ਗੱਲਬਾਤ ‘ਚ ਮੌਂਟੀ ਪਨੇਸਰ ਨੇ ਮੰਨਿਆ ਕਿ ਇੰਗਲੈਂਡ ਦੀ ਟੀਮ ਸਪਿਨਰਾਂ ਵਿਰੁੱਧ ਚੰਗਾ ਨਹੀਂ ਖੇਡਦੀ। ਇਸੇ ਦਾ ਫ਼ਾਇਦਾ ਭਾਰਤ ਨੇ ਚੁੱਕਿਆ। ਹਾਲਾਂਕਿ ਦੱਖਣੀ ਅਫ਼ਰੀਕਾ ਦੀਆਂ ਤੇਜ਼ ਪਿੱਚਾਂ ‘ਤੇ ਵੀ ਅਜਿਹੀਆਂ ਪਾਰੀਆਂ ਬਿਖਰਦੀਆਂ ਦੇਖੀਆਂ ਜਾਂਦੀਆਂ ਹਨ, ਪਰ ਜੇਕਰ ਟੈੱਸਟ ਇਸ ਤਰ੍ਹਾਂ ਨਾਲ ਦੋ ਦਿਨ ‘ਚ ਹੀ ਖਤਮ ਹੋ ਜਾਵੇ ਤਾਂ ਉਸ ਦਾ ਫ਼ਾਇਦਾ ਨਹੀਂ। ਮੌਂਟੀ ਨੇ ਇਸ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ।
ਸਵਾਲ: ਡੇ-ਨਾਈਟ ਟੈੱਸਟ ‘ਚ ਉਠੀ ਕੰਟਰੋਵਰਸੀ ‘ਤੇ ਕੀ ਕਹੋਗੇ?
ਜਵਾਬ: ਦੇਖੋ, ਵਿਕਟ ਤਾਂ ਘੁੰਮ ਰਹੀ ਸੀ ਅਤੇ ਗੇਂਦ ਵੀ ਗ਼ੁਲਾਬੀ ਸੀ। ਭਾਰਤ ਦੀ ਸਟ੍ਰੈਂਥ ਸਪਿਨਿੰਗ ਟ੍ਰੈਕਸ ਹੈ ਅਤੇ ਇੰਗਲੈਂਡ ਦੀ ਟੀਮ ਸਪਿਨ ਵਿਰੁੱਧ ਚੰਗਾ ਨਹੀਂ ਖੇਡ ਪਾਉਂਦੀ। ਜਦੋਂ ਗੇਂਦ ਜ਼ਿਆਦਾ ਘੁੰਮਦੀ ਹੈ ਤਾਂ ਫ਼ਿਰ ਦਿੱਕਤ ਹੁੰਦੀ ਹੈ। ਵੈਸੇ ਵੀ ਭਾਰਤ ਕੋਲ ਅਸ਼ਵਿਨ ਅਤੇ ਅਕਸ਼ਰ ਪਟੇਲ ਸਨ ਜਦਕਿ ਇੰਗਲੈਂਡ ਕੋਲ ਘੱਟ ਤਜਰਬੇਕਾਰ ਗੇਂਦਬਾਜ ਹਨ। ਇਸ ਕਾਰਣ ਇੰਗਲੈਂਡ ਚੰਗਾ ਨਹੀਂ ਕਰ ਪਾਇਆ।
ਸਵਾਲ: ਗ਼ੁਲਾਬੀ ਗੇਂਦ ਕੀ ਲਾਲ ਗੇਂਦ ਤੋਂ ਵੱਧ ਘੁੰਮਦੀ ਹੈ?
ਜਵਾਬ: ਦੇਖੋ, ਗ਼ੁਲਾਬੀ ਗੇਂਦ ਨਾਲ ਖੇਡ ਪੂਰੀ ਤਰ੍ਹਾਂ ਵੱਖਰੀ ਹੋ ਜਾਂਦੀ ਹੈ। ਇਹ ਗੇਂਦ ਜ਼ਿਆਦਾ ਘੁੰਮਦੀ ਹੈ। ਇਸ ਨਾਲ ਬੱਲੇਬਾਜ਼ ਨੂੰ ਖੇਡਣਾ ਮੁਸ਼ਕਿਲ ਹੋ ਜਾਂਦਾ ਹੈ। ਲਾਲ ਗੇਂਦ ਹਵਾ ‘ਚ ਇੰਨੀ ਤੇਜ਼ ਨਹੀਂ ਘੁੰਮਦੀ।
ਸਵਾਲ: ਤੁਸੀਂ ਕਿਹਾ ਸੀ ਕਿ ਕੋਹਲੀ ਨੂੰ ਕਪਤਾਨੀ ਛੱਡਣੀ ਚਾਹੀਦੀ ਹੈ, ਅਜਿਹਾ ਕਿਉਂ?
ਜਵਾਬ: ਆਉਣ ਵਾਲਾ T-20 ਵਿਸ਼ਵ ਕੱਪ ਭਾਰਤ ‘ਚ ਹੈ। ਕੋਹਲੀ ਜਦੋਂ ਤਕ ICC ਦੀ ਟਰਾਫ਼ੀ ਨਹੀਂ ਜਿੱਤਦਾ ਤਦ ਤਕ ਸਵਾਲ ਉਠਦੇ ਰਹਿਣਗੇ। ਮੈਨੂੰ ਲੱਗਦਾ ਹੈ ਕਿ ਕੋਹਲੀ ਚੰਗਾ ਕਰ ਸਕਦਾ ਹੈ, ਪਰ ਨਹੀਂ ਭੁੱਲਣਾ ਚਾਹੀਦਾ ਕਿ ਰੋਹਿਤ ਦੇ ਤਜਰਬੇ ਦਾ ਫ਼ਾਇਦਾ ਵੀ ਲੈਣਾ ਚਾਹੀਦਾ ਹੈ। ਕੋਹਲੀ ਨੂੰ ਖ਼ੁਦ ਹੀ ਛੋਟੇ ਫ਼ੌਰਮੈਟ ਦੀ ਕਪਾਤਨੀ ਤੋਂ ਹਟ ਜਾਣਾ ਚਾਹੀਦਾ ਹੈ।