ਵੇਲਿੰਗਟਨ – ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ IPL ‘ਚ ਵਿਰਾਟ ਕੋਹਲੀ ਦੇ ਨਾਲ ਖੇਡਣ ਅਤੇ ਉਸ ਤੋਂ ਸਿੱਖਿਆ ਲੈਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਅਤੇ ਉਸ ਨੇ ਭਾਰਤੀ ਕਪਤਾਨ ਦੇ ਸਾਰੇ ਸਵਰੂਪਾਂ ‘ਚ ਦਬਦਬੇ ਨੂੰ ਦੇਖਦੇ ਹੋਏ ਕਿਹਾ ਕਿ ਉਹ ਆਪਣੀ ਖੇਡ ਦੀ ਚੋਟੀ ‘ਤੇ ਹੈ। ਕੋਹਲੀ ਦੀ ਅਗਵਾਈ ਵਾਲੀ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਮੈਕਸਵੈੱਲ ਨੂੰ ਪਿਛਲੇ ਮਹੀਨੇ ਦੀ ਨਿਲਾਮੀ ‘ਚ 14.25 ਕਰੋੜ ਰੁਪਏ ਦੇ ਕੇ ਖ਼ਰੀਦਿਆ ਸੀ। IPL 2020 ‘ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਕਿੰਗਜ਼ ਨੇ ਮੈਕਸਵੈੱਲ ਨੂੰ ਰਿਲੀਜ਼ ਕਰ ਦਿੱਤਾ ਸੀ।
ਮੈਕਸਵੈੱਲ ਨੇ ਕਿਹਾ, ”ਕੋਹਲੀ ਟੈਸਟ ਤੋਂ ਲੈ ਕੇ T-20 ਤਕ ਸਾਰੇ ਸਵਰੂਪਾਂ ‘ਚ ਛਾਇਆ ਹੋਇਆ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਇਸ ਖੇਡ ਦੇ ਚੋਟੀ ‘ਤੇ ਹੈ। ਉਹ ਹਾਲਾਤ ਅਨੁਸਾਰ ਆਪਣੀ ਖੇਡ ਨੂੰ ਢਾਲਦਾ ਹੈ, ਲੰਬੇ ਸਮੇਂ ਤਕ ਦਬਦਬਾ ਬਣਾਈ ਰੱਖਦਾ ਹੈ ਅਤੇ ਭਾਰਤ ਦਾ ਕਪਤਾਨ ਅਤੇ ਉਸ ਦਾ ਸਰਵਸ੍ਰੇਸ਼ਠ ਖਿਡਾਰੀ ਹੋਣ ਕਾਰਣ ਉਹ ਭਾਰਤ ਨੂੰ ਦਬਾਅ ਤੋਂ ਪਾਰ ਲੈ ਜਾਂਦਾ ਹੈ।”
IPL ਦੇ ਅਪ੍ਰੈਲ ‘ਚ ਦੂਜੇ ਹਫ਼ਤੇ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਇਸ ਆਲਰਾਊਂਡਰ ਨੂੰ ਉਮੀਦ ਹੈ ਕਿ ਉਸ ਨੂੰ ਇਸ ਦੌਰਾਨ ਭਾਰਤੀ ਕਪਤਾਨ ਤੋਂ ਅਗਵਾਈ ਸਮਰੱਥਾ ਦੇ ਗੁਣ ਸਿੱਖਣ ਨੂੰ ਮਿਲਣਗੇ। ਕੋਹਲੀ RCB ‘ਚ ਮੈਕਸਵੈੱਲ ਦਾ ਕਪਤਾਨ ਹੋਵੇਗਾ।